ਭਾਈ ਜਸਵੀਰ ਸਿੰਘ ਖ਼ਾਲਸਾ ਜੀ ਵੱਲੋਂ ਘੱਲੂਘਾਰਾ ਸਪਤਾਹ ’ਤੇ ਲਿਖਿਆ ਖੋਜ ਤੱਥ ਤੇ ਸਿੱਖ ਖਾੜਕੂ ਸੰਘਰਸ਼ਸ਼ੀਲਾਂ ਨੂੰ ਸੇਧ ਦੇਣ ਵਾਲਾ ਲੇਖ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਕਿਉਂ ਲੱਭਦੀ ਹੈ ਸੰਤ ਭਿੰਡਰਾਂਵਾਲਾ ਪੜ੍ਹ ਕੇ 20ਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸਹੀ ਗਿਆਨ ਦਿੰਦਾ ਹੈ। ਮਹਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਸੀਸ ਤਲੀ ਤੇ ਧਰ ਕੇ ਭਾਰਤੀ ਫੌਜ ਨਾਲ ਜੂਝਣ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਪ੍ਰੇਰਣਾ ਸਰੋਤ ਹੈ। ਦਮਦਮੀ ਟਕਸਾਲ ਦੇ 14ਵੇਂ ਮੁੱਖੀ ਦੀ ਵਿਦਵਤਾ ਨੂੰ ਕ੍ਰਾਂਤੀਕਾਰੀ ਸਲਾਮ ਹੈ। ਭਾਈ ਜਸਬੀਰ ਸਿੰਘ ਖਾਲਸਾ ਜੋ ਕਿ ਸਿੱਖ ਸੰਘਰਸ਼ ਦੇ ਖੁਦ ਹਮਸਫਰ ਰਹੇ ਹਨ ਅੱਜ ਦੀ ਆਵਾਜ਼ ਰਾਹੀਂ ਸੰਸਾਰ ਦੇ ਸਿੱਖਾਂ ਨੂੰ ਸੰਤ ਭਿੰਡਰਾਂਵਾਲੇ ਦੇ ਸੁਪਨੇ ਸਾਕਾਰ ਕਰਨ ਲਈ ਸਿੱਖੀ ਸਪਿਰਟ ਨਾਲ ਮਾਰਗ ਦਰਸ਼ਨ ਕਰਦੇ ਰਹਿਣਗੇ। ਲੇਖਕ ਪੱਟੀ 84 ਦੇ ਸ਼ਹੀਦਾਂ ਦੀ ਯਾਦਗਾਰ ਦਾ ਸਮਰਥਨ ਹੈ।
ਕੁਲਦੀਪ ਸਿੰਘ ਪੱਟੀ
-0-
ਮੁੱਖ ਸੰਪਾਦਕ ਜੀ ਸਤਿ ਸ੍ਰੀ ਅਕਾਲ
ਸਾਡੇ ਸਕੂਲ ਦੇ ਰਾਹ ਵਿੱਚ ਪ੍ਰੀਤ ਨਗਰ ਦੋਆਬਾ ਚੌਂਕ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ ਹੈ। ਕਿਵੇਂ ਖੁੱਲ੍ਹਿਆ ਪਤਾ ਨਹੀਂ? ਇਸ ਠੇਕੇ ਦੇ ਨਾਲ ਦੋ ਗੁਰਦੁਆਰੇ ਤੇ ਕਈ ਸਕੂਲ ਹਨ। ਪ੍ਰਸ਼ਾਸਨ ਅੰਨ੍ਹਾ ਹੈ, ਮੁਹੱਲਾ ਸੁੱਤਾ ਹੈ। ਕੌਣ ਸੋਚੇਗਾ? ਦੋਆਬਾ ਚੌਂਕ ਨਸ਼ੱਈਆਂ ਦਾ ਅੱਡਾ ਬਣ ਗਿਆ ਹੈ, ਜਿਸ ਕਰਕੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਕਾਰੀ ਤਾਂ ਜੇਬਾਂ ਭਰ ਕੇ ਬੈਠ ਗਏ ਹਨ। ਸਾਡਾ ਭਵਿੱਖ ਕੌਣ ਦੇਖੇਗਾ?
ਸਮੂਹ ਵਿਦਿਆਰਥੀ ਵਰਗ
ਪ੍ਰੀਤ ਨਗਰ ਦੋਆਬਾ ਚੌਂਕ ਜਲੰਧਰ
-0-
ਮੰਡੀਆਂ ਵਿੱਚ ਲਾ ਦਿੱਤੇ
ਕਰੇਂ ਨਾ ਕਮਾਈ ਉੱਤੇ ਭੌਰਾ ਜੱਟ ਮੇਰ ਤੂੰ,
ਮੰਡੀਆਂ ਵਿੱਚ ਲਾ ਤੇ ਮੋਤੀਆਂ ਦੇ ਢੇਰ ਤੂੰ।
ਕਰੇਂ ਨਾ ਪ੍ਰਵਾਹ ਤੂੰ ਹਾੜ੍ਹ ਤੇ ਸਿਆਲ ਦੀ,
ਹੱਡ ਭੰਨਵੀਂ ਕਮਾਈ ਤਰੀ ਸਾਰੇ ਸਾਲ ਦੀ।
ਨੀਅਤ ਨੂੰ ਮੁਰਾਦਾਂ-ਨਾ ਕਰੇ ਹੇਰ ਫੇਰ ਤੂੰ।
ਮੰਡੀਆਂ ’ਚ ਲਾ ਦਿੱਤੇ…।
ਦਾਣਾ-ਫੱਕਾ ਸਾਂਭ ਕਰ ਸੰਦਾਂ ਦੀ ਸਫਾਈ ਤੂੰ।
ਮੀਂਹ ਕਣੀ ਧੁੱਪ ਤੋਂ ਇਨ੍ਹਾਂ ਨੂੰ ਬਚਾਈਂ ਤੂੰ।
ਖੇਤ ਵਿੱਚ ਗੇੜ੍ਹਾ ਰੱਖ ਸ਼ਾਮ ਤੇ ਸਵੇਰ ਤੂੰ।
ਮੰਡੀਆਂ ਵਿੱਚ ਲਾ ਦਿੱਤੇ…।
ਚੰਗਾ ਬੀਜ ਲੈ ਕੇ ਬੀਜੀਂ ਝੋਨੇ ਦੀ ਪਨੀਰੀ ਤੂੰ,
ਮਾੜੇ ਬੀਜ ਬੀਜ ਕੇ ਪਛਤਾਈਂ ਨਾ ਅਖੀਰ ਤੂੰ।
ਜਿੰਨੀ ਲੋੜ ਓਨਾਂ ਬੀਜ ਖੇਤ ਵਿੱਚ ਕੇਰ ਤੂੰ।
ਮੰਡੀਆਂ ਵਿੱਚ ਲਾ ਦਿੱਤੇ…।
ਕਮਾਈ ਦੇ ਢੰਗ ਆਪਾਂ ਹੋਰ ਵੀ ਬਣਾਉਣੇ ਨੇ,
ਖੇਤੀ ਦੇ ਸਹਾਇਕ ਧੰਦੇ ਉਹ ਵੀ ਅਪਣਾਉਣੇ ਨੇ।
ਪਹਿਲਾਂ ਹੀ ਤੂੰ ਪਿੱਛੇ ਬੜਾ-ਨਾ ਕਰ ਦੇਰ ਤੂੰ,
ਮੰਡੀਆਂ ਵਿੱਚ ਲਾ ਦਿੱਤੇ….।
ਬੈਂਕ ਤੇ ਸੋਸਾਇਟੀ ਦਾ ਵੀ ਕਰਜ਼ਾ ਸਾਰਾ ਮੋੜਨਾ,
ਮੂਲ ਵਿਚ ਵਾਧੂ ਦਾ, ਵਿਆਜ ਨਹੀਓਂ ਜੋ²ੜਨਾ।
ਵਿਹਾਰ ਰੱਖ ਪੂਰਾ ਨਾ ਕਹਾ ਦੂਜੀ ਵੇਰ ਤੂੰ,
ਮੰਡੀਆਂ ਵਿੱਚ ਲਾ ਦਿੱਤੇ…।
ਆਪ ਨਹੀਂ ਪੜ੍ਹਿਆ ਬੱਚੇ ਤੂੰ ਪੜ੍ਹਾ ਲੈ ਹੁਣ,
‘ਅਮਰੀਕ ਤਲਵੰਡੀ’ ਦੀ ਗੱਲ ਝੋਲੀ ਪਾ ਲੈ ਹੁਣ।
ਵਿਦਿਆ ਦੇ ਦੀਪ ਨਾਲ ਕਰ ਦੂਰ ਨੇਰ੍ਹ ਤੂੰ,
ਮੰਡੀਆਂ ਵਿੱਚ ਲਾ ਦਿੱਤੇ…।
ਅਮਰੀਕ ਸਿੰਘ ਤਲਵੰਡੀ
-0-
ਗਜ਼ਲ
ਮੁੱਖ ਤੇਰਾ ਹੈ ਸੱਜਣਾ ਖੁੱਲ੍ਹੀ ਕਿਤਾਬ ਜਿਹਾ,
ਰੋਹਬ ਤੇਰਾ ਹੈ ਪੂਰਾ ਚੰਗੇ ਨਵਾਬ ਜਿਹਾ।
ਨੈਣਾਂ ਦੇ ਵਿੱਚ ਪ੍ਰੀਤ ਦਾ ਸਾਗਰ ਵਹਿ ਰਿਹਾ,
ਚਾਂਦੀ ਰੰਗਾ ਪਾਣੀ ਵੇਖ ਝਨਾਸ ਜਿਹਾ।
ਹੁਸਨ ਤਿਰੇ ਦੇ ਬਾਰੇ ਹੁਣ ਮੈਂ ਕੀ ਕਹਾਂ?
ਮਹਿਕਾਂ ਨਾਲ ਭਰਪੂਰ ਹੈ ਫੁੱਲ ਗੁਲਾਬ ਜਿਹਾ।
ਤਿਰੀ ਮਿੱਠੀ ਆਵਾਜ਼ ਨੇ ਪੰਛੀ ਕੀਲ੍ਹ ਲਏ,
ਧੁਨੀ ਵਲੇਵੇਂ ਖਾਂਦੀ ਵਜਦਾ ਰੁਬਾਬ ਜਿਹਾ।
ਟੋਰ ਤਿਰੀ ਨੂੰ ਵੇਖ ਮਿਰਗ ਵੀ ਪਏ ਸਿਖੇ,
ਢਲਦੀ ਥਾਂ ਨੂੰ ਜਾਏ ਵਹਿੰਦਾ ਆਬ ਜਿਹਾ।
ਪ੍ਰੀਤ ਦੀ ਗੂੜੀ ਨੀਂਦਰ ਭੈੜੀ ਦੱਸ ਬੈਠੀ,
ਅੱਖ ਖੁੱਲ੍ਹੀ ਤਾਂ ਸੋਚਾਂ ਕੀ ਏ ਖਾਬ ਜਿਹਾ?
ਢੂੰਡ ਥੱਕੇ ਸਭ ਦੁਨੀਆਂ, ਐਸਾ ਮਿਲਿਆ ਨਾ,
ਹੁਸਨ ਕਿਤੇ ਨਾ ਡਿੱਠਾ ਤੇਰੇ ਸ਼ਬਾਬ ਜਿਹਾ।
‘ਆਜ਼ਾਦ’ ਤੇਰੇ ਬਿਨ ਸਾਡੀ ਮਹਿਫਲ ਸੱਖਣੀ ਹੈ,
ਤੂੰ ਜਾਪੇਂ ਤਾਂ ਸਾਨੂੰ ਸਦਾ ਜਨਾਬ ਜਿਹਾ।
ਰਣਜੀਤ ਆਜ਼ਾਦ ਕਾਂਝਲਾ
ਸ਼ਿਵਪੁਰੀ (ਧੂਰੀ)