ਨਾਭਾ, 28 ਜੁਲਾਈ (ਰਾਜਿੰਦਰ ਸਿੰਘ ਕਪੂਰ)-ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਦੀ ਬਲਾਕ ਇਕਾਈ ਨਾਭਾ ਵੱਲੋਂ ਮਹਿੰਗਾਈ ਖਿਲਾਫ ਤੇ ਹੋਰ ਜਨਤਕ ਮੰਗਾਂ ਨੂੰ ਲੈ ਕੇ ਰੱਖਿਆ ਰੋਸ ਧਰਨਾ, ਅੱਜ ਅਨਾਜ ਮੰਡੀ ਨਾਭਾ ਵਿਖੇ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਔਰਤਾਂ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹੋਏ। ਇੱਥੇ ਇਕੱਤਰਤ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਮਹਿੰਗਾਈ ਦੇ ਵੱਧਣ ਨਾਲ ਲੋਕਾਂ ਦੇ ਜੀਵਨ ਜਿਊਣ ਦੇ ਬੁਨਿਆਦੀ ਅਧਿਕਾਰ ਨੂੰ ਖਤਰਾ ਪੈਦਾ ਹੋ ਗਿਆ ਹੈ। ਇੱਕ ਪਾਸੇ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਮਹਿੰਗਾਈ ਦੇ ਰੂਪ ਵਿੱਚ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਦੂਜੇ ਪਾਸੇ ਹੜ੍ਹਾਂ ਦੇ ਕਹਿਰ ਨੇ ਲੋਕਾਂ ਦਾ ਉਜਾੜਾ ਕਰਕੇ ਉਨ੍ਹਾਂ ਨੂੰ ਸੜਕਾਂ ਤੇ ਲਿਆ ਬਿਠਾਇਆ ਹੈ। ਇਸ ਤਰ੍ਹਾਂ ਲੋਕਾਂ ਨੂੰ ਦੂਹਰੀ ਮਾਰ ਪੈਣ
ਕਾਰਨ ਉਨ੍ਹਾਂ ਨੂੰ ਬਿਪਤਾ ਵਿੱਚੋਂ ਕੱਢਣ ਲਈ ਸਰਕਾਰਾਂ ਪੀੜਤ ਲੋਕਾਂ ਨਾਲ ਮੌਕੇ ’ਤੇ ਜਾ ਕੇ ਅਖਬਾਰਾਂ ਵਿੱਚ ਫੋਟੋਆਂ ਲਗਵਾਉਣ ਲਈ ਵਾਅਦੇ ਤਾਂ ਜ਼ਰੂਰ ਕਰ ਲੈਂਦੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਪੂਰਾ ਕਰਨ ਸਮੋੇਂ ਕੋਈ ਨਾ ਕੋਈ ਬਹਾਨਾ ਲੱਭ ਕੇ ਪਿਛਾਂਹ ਹਟ ਜਾਂਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਬਰਬਾਦ ਹੋਈਆਂ ਫਸਲਾਂ ਦਾ 5000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰਕੇ ਹੁਣ ਨਿਯਮਾਂ ਦਾ ਬਹਾਨਾ ਬਣਾ ਕੇ ਸਿਰਫ 1000 ਰੁਪਏ ਪ੍ਰਤੀ ਏਕੜ ਦੇਣ ਦੀਆਂ ਵਿਉਂਤਾਂ ਬਣਾ ਰਹੀ ਹੈ। ਇਸ ਲਈ ਇਸ ਹੋਰ ਰਹੀ ਬੇਇਨਸਾਫੀ ਤੇ ਆਈ.ਡੀ.ਪੀ. ਮੰਗ ਕਰਦੀ ਹੈ ਕਿ ਐਲਾਨ ਕੀਤੇ 5000 ਰੁਪਏ ਪ੍ਰਤੀ ਏਕੜ ਅਨੁਸਾਰ ਮੁਆਵਜ਼ੇ ਦੀ ਰਾਸ਼ੀ ਪੰਜਾਬ ਸਰਕਾਰ ਤੁਰੰਤ ਦੇਵੇ ਅਤੇ ਹੜ੍ਹਾਂ ਨਾਲ ਗਿਰੇ ਮਕਾਨਾਂ, ਮਰੇ ਪਸ਼ੂਆਂ ਦਾ ਮੁਆਵਜ਼ਾ ਮੌਜੂਦਾ ਕੀਮਤਾਂ ਅਨੁਸਾਰ ਤਹਿ ਕਰਕੇ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਵਧੀ ਮਹਿੰਗਾਈ ਨਾਲ ਇਕੱਲੇ ਖੇਤੀ ਖੇਤਰ ਵਿੱਚ ਹੀ ਪੰਜਾਬ ਦੇ ਕਿਸਾਨਾਂ ਦੀਆਂ ਜੇਬਾਂ ਵਿੱਚੋਂ ਲੱਗਭੱਗ 1850 ਕਰੋੜ ਰੁਪਏ ਵਾਧੂ ਕੀਮਤਾਂ ਦੇ ਰੂਪ ਵਿੱਚ ਕੱਢ ਲਏ ਗਏ ਹਨ, ਜਦੋਂ ਕਿ ਜੀਰੀ, ਕਣਕ ਦੇ ਭਾਅ ਵਧਣ ਨਾਲ ਕਿਸਾਨਾਂ ਨੂੰ ਫਾਇਦਾ ਸਿਰਫ 900 ਕਰੋੜ ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਮਹਿੰਗਾਈ ਦਾ ਸਭ ਤੋ ਵੱਡਾ ਅਸਰ ਖਾਦ, ਖੁਰਾਕ, ਇਲਾਜ ਤੇ ਸਿੱਖਿਆ ਤੇ ਹੋਰ ਵੀ ਜ਼ਿਆਦਾ ਪਵੇਗਾ, ਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤ ਪੱਖੋਂ ਕਮਜ਼ੋਰ ਅਤੇ ਬਿਮਾਰੀਆਂ ਨਾਲ ਗ੍ਰਸਤ ਬਣਾਉਣ ਲਈ ਖੁਦ ਮੌਜੂਦਾ ਸਰਕਾਰਾਂ ਹੋਣਗੀਆਂ। ਇਸ ਲਈ ਆਈ.ਡੀ.ਪੀ. ਇਹ ਵੀ ਮੰਗ ਕਰਦੀ ਹੈ ਕਿ ਸਰਕਾਰ ਕੀਮਤ ਕੰਟਰੋਲ ਆਰਡਰ ਜਾਰੀ ਕਰਕੇ ਮਹਿੰਗਾਈ ’ਤੇ ਨੱਥ ਪਾਵੇ ਅਤੇ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਜਨਤਕ ਅਦਾਰਿਆਂ ਅਧੀਨ ਹੀ ਰੱਖ ਕੇ ਇਨ੍ਹਾਂ ਦੀਆਂ ਵਧਾਈਆਂ ਕੀਮਤਾਂ ਨੂੰ ਤੁਰੰਤ ਵਾਪਸ ਲਵੇ।