ਤਰਨਤਾਰਨ, ਲੌਹਕਾ, 28 ਜੁਲਾਈ (ਪਰਵਾਨਾ, ਗੁਰਦਿੱਤ ਸਿੰਘ)-ਅੱਜ ਦੇ ਵਿਗਿਆਨਕ ਯੁਗ ਵਿੱਚ ਜਿਥੇ ਵਿਗਿਆਨ ਤਰੱਕੀ ਦੀਆਂ ਸਿਖਰਾਂ ’ਤੇ ਹੈ, ਉਥੇ ਆਮ ਜਨਤਾ ਪਾਖੰਡੀ ਸਾਧਾਂ ਤਾਂਤਰਿਕਾਂ, ਮੀਆਂ ਨੇ ਜੋਤਸ਼ੀਆਂ ਦੁਆਰਾ ਫੈਲਾਏ ਜਾ ਰਹੇ ਅੰਧ ਵਿਸ਼ਵਾਸ ਦੀ ਦਲਦਲ ’ਚ ਇੰਨੀ ਫਸੀ ਹੋਈ ਹੈ ਕਿ ਉਨ੍ਹਾਂ ਦੀ ਗੱਲ ਨੂੰ ਸੱਚ ਸਮਝਦੇ ਹੋਏ ਸਮਾਜਿਕ ਕਦਰਾਂ-ਕੀਮਤਾਂ ਤੇ ਰਿਸ਼ਤੇਦਾਰੀਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਠੀਕ ਇਸੇ ਤਰ੍ਹਾਂ ਦੀ ਘਟਨਾ ਬਾਰੇ ਦਵਿੰਦਰਜੀਤ ਕੌਰ ਵਾਸੀ ਅੰਮ੍ਰਿਤਸਰ ਨੇ ਤਰਕਸ਼ੀਲ ਸੁਸਾਇਟੀ ਇਕਾਈ ਤਰਨ ਤਾਰਨ ਨੂੰ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਪਿੰਡ ਬਹਿਲਾ ਦੀ ਤਾਂਤਰਿਕ ਔਰਤ ਜੋ ਆਪਣੇ-ਆਪ ਨੂੰ ਆਪਣੇ ’ਚ ਬਾਬੇ ਦੀ ਰੂਹ ਆਉਣ ਦਾ ਪਾਖੰਡ ਕਰਦੀ ਹੈ, ਨੇ ਉਨ੍ਹਾਂ ਦੇ ਘਰ ਵਿਚ ਇਕ ਦੂਸਰੇ ਉਪਰ ਤਰ੍ਹਾਂ-ਤਰ੍ਹਾਂ ਦੇ ਇਲਜਾਮ ਲਗਾ ਕੇ ਲੜਾਈ ਪਾਈ ਹੋਈ ਹੈ। ਜਿਸ ਕਰਕੇ ਉਸ ਦੇ ਪੇਕਿਆਂ ਤੇ ਸਹੁਰੇ
ਪਰਿਵਾਰ ਦਰਮਿਆਨ ਅਣਬਣ ਬਣੀ ਹੋਈ ਹੈ ਤਾਂ ਸੁਸਾਇਟੀ ਦੀ ਪੜਤਾਲੀਆਂ ਟੀਮ ਨਰਿੰਦਰ ਸਿੰਘ ਸੇਖਚੱਕ, ਰਣਜੀਤ ਸਿੰਘ ਬਾਗੜੀਆ, ਸੰਜੀਵ ਬਾਗੜੀਆ, ਗੁਰਸੇਵਕ ਨੌਸ਼ਹਿਰਾ ਪਨੂੰਆ, ਤਰਸੇਮ ਸਿੰਘ ਲਾਲੂ ਘੁੰਮਣ ਤੋਂ ਇਲਾਵਾ ਅਕਾਲੀ ਲੀਡਰ ਹਰਜੀਤ ਜੱਲੋਵਾਲ, ਬਲਜੀਤ ਸਿੰਘ ਕੋਟ ਧਰਮਚੰਦ ਆਦਿ ਨੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬਹਿਲਾ ਦੀ ਮੌਜੂਦਗੀ ਵਿਚ ਤਾਂਤਰਿਕ ਔਰਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਵਿਚ ਬਾਬੇ ਦੀ ਰੂਹ ਆਉਂਦੀ ਹੈ, ਜਿਸ ਨਾਲ ਆਮ ਜਨਤਾ ਦੇ ਮਸਲੇ ਤੇ ਆਮ ਬਿਮਾਰੀਆਂ ਦਾ ਹੱਲ ਕਰਦੀ ਹੈ ਤਾਂ ਤਰਕਸ਼ੀਲ ਸੁਸਾਇਟੀ ਵੱਲੋਂ ਰੱਖੀਆਂ 23 ਸ਼ਰਤਾਂ ’ਚੋਂ ਕੋਈ ਇਕ ਸ਼ਰਤ ਪੂਰੀ ਕਰਕੇ ਪੰਜ ਲੱਖ ਦਾ ਇਨਾਮ ਜਿੱਤਣ ਦੀ ਪੇਸ਼ਕਸ਼ ਕੀਤੀ ਤਾਂ ਤਾਂਤਰਿਕ ਔਰਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤਰਕਸ਼ੀਲਾਂ ਦੀਆਂ ਦਲੀਲ ਪੂਰਵਕ ਗੱਲਾਂ ਸਾਹਮਣੇ ਤਾਂਤਰਿਕ ਦੀ ਇਕ ਨਾ ਚੱਲੀ ਤੇ ਆਖਿਰ ਮੁਆਫ਼ੀ ਮੰਗਣੀ ਪਈ। ਉਸ ਨੇ ਵਾਅਦਾ ਕੀਤਾ ਕਿ ਅੱਗੇ ਤੋਂ ਪਾਖੰਡ ਦੀ ਦੁਕਾਨਦਾਰੀ ਹਮੇਸ਼ਾ ਲਈ ਬੰਦ ਕਰ ਦੇਵੇਗੀ। ਇਸ ਮੌਕੇ ’ਤੇ ਤਰਕਸ਼ੀਲਾਂ ਹੱਥ ਦੀ ਸਫਾਈ ਦੇ ਹੈਰਾਨੀਜਨਕ ਟਰਿੱਕ ਵਿਖਾਏ। ਤਰਕਸ਼ੀਲਾਂ ਦੀ ਇਸ ਕਾਰਵਾਈ ਨਾਲ ਦੋ ਪਰਿਵਾਰ ਵੱਖ ਹੋਣ ਤੋਂ ਬਚ ਗਏ ਅਤੇ ਦੋਹਾਂ ਪਰਿਵਾਰਾਂ ਨੇ ਪ੍ਰਣ ਕੀਤਾ 0ਿਕ ਅੱਗੇ ਤੋਂ ਅਸੀਂ ਪਾਖੰਡੀ ਸਾਧਾਂ ਕੋਲ ਨਹੀਂ ਜਾਵਾਂਗੇ ਤੇ ਆਪਣੀਆਂ ਰਿਸ਼ਤੇਦਾਰੀਆਂ ਪ੍ਰਤੀ ਵਫਾਦਾਰ ਰਹਾਂਗੇ।