ਐਸ.ਏ.ਐਸ.ਨਗਰ 27 ਜੁਲਾਈ (ਵੀਨਾ ਰਾਜਪੂਤ)- ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਨੂੰ ਖਜਲ ਖੁਆਰੀ ਤੋਂ ਬਚਾਉਣ ਅਤੇ ਜਲਦੀ ਕੰਮ ਕਾਜ ਨਿਪਟਾਉਣ ਲਈ ਐਸ.ਏ.ਐਸ.ਨਗਰ ਜ਼ਿਲ੍ਹੇ ਨੂੰ ਪਹਿਲ ਦੇ ਅਧਾਰ ਤੇ ਈ-ਡਿਸਟ੍ਰਿਕ ਬਣਾਇਆ ਜਾਵੇਗਾ ਜਿਸ ਵਿੱਚ ਦਫਤਰਾਂ ਦੇ ਕੰਮ ਕਾਜ ਦਾ ਕੰਪਿਉਟਰੀਕਰਨ ਕਰਨ ਹੋਣ ਤੋਂ ਇਲਾਵਾ ਸਾਰਾ ਕੰਮ ਕਾਜ ਆਨ ਲਾਇਨ ਹੋ ਜਾਵੇਗਾ ਜਿਸ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਗੱਲ ਦੀ ਜਾਣਕਾਰੀ ਸ੍ਰੀ ਸਰਵੇਸ਼ ਕੌਸਲ ਪ੍ਰਮੁੱਖ ਸਕੱਤਰ ਸੂਚਨਾਂ ਅਤੇ ਤਕਨਾਲੋਜੀ ਪੰਜਾਬ ਨੇ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੁਵਿਧਾ ਕੇਂਦਰ ਦਾ ਅਚਨਚੇਤੀ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆ ਦਿੱਤੀ। ਉਨ੍ਹਾਂ ਇਸ ਮੌਕੇ ਸੁਵਿਧਾ ਕੇਂਦਰ ਵਿੱਚ ਹੋ ਰਹੇ ਕੰਮਾਂ ਦਾ ਜਾਇਜਾ ਵੀ ਲਿਆ।
ਸ੍ਰੀ ਕੌਸਲ ਨੇ ਦੱਸਿਆ ਕਿ ਪੰਜਾਬ ਦੇ ਨਵਾ ਸ਼ਹਿਰ ਅਤੇ ਕਪੂਰਥਲਾ ਜ਼ਿਲ੍ਹੇ ਨੂੰ ਪਾਇਲਟ ਪ੍ਰੋਜੈਕਟ ਦੇ ਤੋਰ ਤੇ ਈ-ਡਿਸਟ੍ਰਿਕ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਜ਼ਿਲਿਆ ਵਿੱਚ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨਾਲ ਬਹੁਤ ਸਾਰੇ ਦਫਤਰਾਂ ਦਾ ਕੰਮ ਆਨ ਲਾਇਨ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਤੇ 6 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਆਪਣੇ ਕੰਮ ਕਾਜ ਕਰਾਉਣ ਲਈ ਵੱਖ ਵੱਖ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਜਿਥੇ ਸਰਕਾਰੀ ਕੰਮ ਕਾਜ ਵਿੱਚ ਤੇਜੀ ਆਵੇਗੀ, ਉਥੇ ਕੰਮ ਕਾਜ ਵਿੱਚ ਪਾਰਦਰਸ਼ਤਾ ਵੀ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲਿਆਂ ਦੀ ਸਫਲਤਾਂ ਤੋਂ ਬਾਅਦ ਪੰਜਾਬ ਵਿੱਚ ਹੋਰਨਾਂ ਜ਼ਿਲਿਆਂ ਨੂੰ ਵੀ ਈ-ਡਿਸਟ੍ਰਿਕ ਬਣਾਇਆ ਜਾਵੇਗਾ। ਪ੍ਰਮੁੱਖ ਸਕੱਤਰ ਸੂਚਨਾਂ ਤੇ ਤਕਨਾਲੋਜੀ ਪੰਜਾਬ ਨੇ ਦੱਸਿਆ ਕਿ ਪੰਜਾਬ ਵਿੱਚ ਲੋਕਾਂ ਦੇ ਦਫਤਰਾਂ ਦੇ ਆਮ ਕੰਮ ਕਾਜ ਨਿਪਟਾਉਣ ਲਈ ਰਾਜ ਦੇ 20 ਜ਼ਿਲ੍ਹਿਆਂ ਸਮੇਤ 56 ਸਬ ਡਵੀਜਨਾਂ ਵਿੱਚ ਸੁਵਿਧਾ ਕੇਂਦਰ ਚਲ ਰਹੇ ਹਨ। ਜਿਸ ਨਾਲ ਲੋਕਾਂ ਦੀ ਖਜਲ ਖੁਆਰੀ ਘਟੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਸੁਵਿਧਾ ਕੇਂਦਰਾਂ ਵਿੱਚ ਹੋਰ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ। ਸ੍ਰੀ ਕੋਸ਼ਲ ਨੇ ਇਸ ਮੌਕੇ ਦੱਸਿਆ ਕਿ ਜਿਥੇ ਸੁਵਿਧਾ ਕੇਂਦਰਾਂ ਲਈ ਥਾਂ ਦੀ ਘਾਟ ਮਹਿਸੂਸ ਹੋਵੇ ਉਸ ਨੂੰ ਕਿਸੇ ਹੋਰ ਢੁੱਕਵੀ ਥਾਂ ਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸੁਵਿਧਾ ਸੈਂਟਰਾਂ ਵਿੱਚ ਘੱਟੋ ਘੱਟ 25 ਕੰਪਿਉਟਰ ਹੋਣੇ ਜਰੂਰ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰ: ਪ੍ਰਭਜੋਤ ਸਿੰਘ ਮੰਡ ਨੇ ਪ੍ਰਮੁੱਖ ਸਕੱਤਰ ਸੂਚਨਾਂ ਤੇ ਤਕਨਾਲੋਜੀ ਪੰਜਾਬ ਨੂੰ ਦੱਸਿਆ ਕਿ ਸੁਵਿਧਾ ਕੇਂਦਰ ਵੱਲੋਂ ਕਰਮਚਾਰੀਆਂ ਨੂੰ ਸੁਵਿਧਾ ਕੇਂਦਰ ਰਾਹੀਂ ਹੋਣ ਵਾਲੇ ਕੰਮਾਂ ਨੂੰ ਨਿਰਧਾਰਤ ਸਮੇਂ ਤੇ ਡਿਲੀਵਰ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਬਾਰ ਬਾਰ ਚੱਕਰ ਨਾ ਮਾਰਨੇ ਪੈਣ। ਉਨ੍ਹਾਂ ਦੱਸਿਆ ਕਿ ਸੁਵਿਧਾ ਸੈਂਟਰ ਵਿੱਚ ਤਿੰਨ ਡਾਟਾ ਓਪਰੇਟਰਾਂ ਦੀ ਘਾਟ ਹੈ। ਸ੍ਰੀ ਕੌਸਲ ਨੇ ਦੱ੍ਯਸਿਆ ਕਿ ਇਸ ਘਾਟ ਨੂੰ ਇਕ ਹਫਤੇ ਤੇ ਅੰਦਰ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਵਿਧਾ ਸੈਂਟਰ ਰਾਹੀਂ ਇਸ ਸਮੇ 20 ਵੱਖ ਵੱਖ ਸੇਵਾਵਾਂ ਚਲਾਇਆ ਜਾ ਰਹਿਆ ਹਨ ਅਤੇ 16 ਹੋਰ ਸੇਵਾਵਾਂ ਸ਼ੁਰੂ ਕਰਵਾਇਆ ਜਾਣ ਗੀਆ। ਉਨ੍ਹਾਂ ਦੱਸਿਆ ਕਿ ਸਬ ਡਵੀਜਨ ਖਰੜ ਵਿਖੇ ਵੀ ਸੁਵਿਧਾ ਕੇਂਦਰ ਚਲਾਇਆ ਜਾ ਰਿਹਾ ਹੇੈ ਅਤੇ ਡੇਰਾਬੱਸੀ ਵਿਖੇ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਸਿੰਘ ਕੈਂਥ, ਸ੍ਰੀਮਤੀ ਨਵਜੋਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ੍ਰੀ ਕੁਲਵਰਨ ਡਿਪਟੀ ਡਾਇਰੈਕਟਰ ਸੂਚਨਾਂ ਤੇ ਤਕਨਾਲੋਜੀ ਵਿਭਾਗ ਪੰਜਾਬ ਵੀ ਮੌਜੂਦ ਸਨ।