ਅੰਮ੍ਰਿਤਸਰ, 27 ਜੁਲਾਈ (ਮੋਤਾ ਸਿੰਘ) ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾ ਦੇ ਡਾਇਰੈਕਟਰ ਜਨਰਲ ਸ੍ਰੀ ਬੀ:ਕੇ:ਸ੍ਰੀਵਾਸਤਵਾ ਨੇ ਅੱਜ ਇਥੇ ਦੋ ਪ੍ਰਸਿੱਧ ਵਾਤਾਵਰਣ ਪ੍ਰੇਮੀਆਂ ਪਦਮਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਮੌਜੂਦਗੀ ਵਿੱਚ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਲੋਕ ਰਾਜ ਸੰਸਥਾਨ ਅਤੇ ਵਾਤਾਵਰਣ ਪ੍ਰੇਮੀਆਂ ਦੀ ਸਾਂਝੀ ਸੋਚ ਸਦਕਾ ਪ੍ਰਦੂਸ਼ਣ ਰਹਿਤ ਵਾਤਾਵਰਣ ਅਤੇ ਨਸ਼ਾਮੁਕਤ ਸਮਾਜ ਦੀ ਸਿਰਜਣਾ ਲਈ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ 1 ਅਗਸਤ, 2010 ਨੂੰ ਇਕ ਵਿਸ਼ਾਲ ਵਾਤਾਵਰਣ ਸੰਭਾਲ ਸਮਾਗਮ ਆਯੋਜਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਜਨਤਕ ਪ੍ਰਤੀਨਿਧੀਆਂ, ਵਿਦਿਅਕ ਮਾਹਿਰਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਸੰਤ ਮਹਾਂਪੁਰਖਾਂ, ਧਾਰਮਿਕ ਆਗੂਆਂ ਅਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿਉਂਕਿ ਮਹਾਂਪੁਰਖਾਂ ਦੀ ਅਗਵਾਈ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ।
ਇਸ ਸਮਾਗਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਉਕਤ ਮਿਤੀ ਨੂੰ ਸਵੇਰੇ 10:30 ਵਜੇ ਇਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਹਿੰਦੂ, ਮੁਸਿਲਮ, ਸਿੱਖ, ਈਸਾਈ, ਅਹਿਮਦੀਆ ਅਤੇ ਹੋਰ ਸੰਪਰਦਾਇਆਂ ਤੋਂ ਤਕਰੀਬਨ 60-70 ਮਹਾਂਪੁਰਖ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਡਾ: ਉਪਿੰਦਰਜੀਤ ਕੌਰ ਸਿਖਿਆ ਮੰਤਰੀ ਪੰਜਾਬ, ਸ੍ਰ ਸੇਵਾ ਸਿੰਘ ਸੇਖਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ, ਸ੍ਰੀ ਤੀਕਸ਼ਣ ਸੂਦ ਜੰਗਲਾਤ, ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਸਮੇਤ ਕਈ ਜਨਤਕ ਪ੍ਰਤੀਨਿਧੀਆਂ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਤਕਰੀਬਨ 100 ਐਨ:ਜੀ:ਓਜ਼ , ਨਾਰਕੋਟਿਕਸ ਵਿਭਾਗ ਅਤੇ ਆਯੂਰਵੈਦ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਵਿਚਾਰ ਗੋਸ਼ਟੀ ਵਿੱਚ ਸਾਂਝ ਪਾਈ ਜਾਵੇਗੀ। ਉਨ੍ਹਾਂ ਪੂਰਾ ਭਰੋਸੇ ਨਾਲ ਆਖਿਆ ਕਿ ਇਹ ਸਮਾਗਮ ਇਕ ਜਨਤਕ ਲਹਿਰ ਨੂੰ ਜਨਮ ਦੇਵੇਗਾ ਜਿਹੜੀ ਸਮੁੱਚੇ ਸਮਾਜ ਦੀ ਬੇਹਤਰੀ ਅਤੇ ਭਲਾਈ ਲਈ ਕਾਰਗਰ ਕਦਮ ਹੋ ਨਿਬੜੇਗੀ। ਮਹਾਤਮਾ ਗਾਂਧੀ ਸੰਸਥਾ ਦੀ ਭੂਮਿਕਾ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਦੀ ਸੰਸਥਾ ਮੁੱਖ ਤੌਰ ਤੇ ਲੋਕ ਪ੍ਰਸਾਸ਼ਨ ਅਤੇ ਲੋਕ ਨੀਤੀ ਵਿੱਚ ਸਿਖਿਆ ਅਤੇ ਸੁਧਾਰ ਦੇ ਕਾਰਜਾਂ ਵਿੱਚ ਗੀਤਸ਼ੀਲ ਹੈ ਪਰ ਸਮੁੱਚੇ ਸਮਾਜ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਉਨ੍ਹਾਂ ਦੀ ਬੇਹਤਰੀ ਲਈ ਵਾਤਾਵਰਣ ਸੰਭਾਲ ਅਤੇ ਨਸ਼ਾ ਮੁਕਤੀ ਜਿਹੇ ਸੰਜੀਦਾ ਅਤੇ ਅਹਿਮ ਮੁੱਦਿਆਂ ਤੇ ਜਾਗਰੂਕਤਾ ਲਿਆਉਣਾ ਅਤੇ ਚੇਤਨਾ ਪੈਦਾ ਕਰਨਾ ਵੀ ਸੰਸਥਾ ਆਪਣਾ ਫਰਜ ਸਮਝਦੀ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੌਣ, ਪਾਣੀ ਅਤੇ ਚੌਗਿਰਦੇ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਾਰੀਆਂ ਧਿਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ਪ੍ਰਦੂਸ਼ਣ ਅਨੇਕਾਂ ਮਾਰੂ ਰੋਗਾਂ ਨੂੰ ਜਨਮ ਦੇ ਰਿਹਾ ਹੈ। ਉਨ੍ਹਾਂ ਨੇ ਮਾਲਵਾ ਅਤੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਪ੍ਰਦੂਸ਼ਤ ਪਾਣੀ ਕਾਰਨ ਫੈਲ ਰਹੀ ਕੈਂਸਰ ਦੀ ਭਿਆਨਕ ਬਿਮਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਜੇ ਇਸ ਦੀ ਰੋਕਥਾਮ ਲਈ ਕਾਰਗਰ ਕਦਮ ਨਾ ਚੁੱਕੇ ਗਏ ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਕਦੀ ਵੀ ਮੁਆਫ ਨਹੀਂ ਕਰਨਗੀਆਂ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਏਜੰਸੀਆਂ ਨੂੰ ਵੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਖਿਆ।