ਮਹਿਲ ਕਲਾਂ, 27 ਜੁਲਾਈ (ਬਲਵਿੰਦਰ ਸਿੰਘ ਵਜੀਦਕੇ)-ਇਤਿਹਾਸਕ ਪਿੰਡ ਗਹਿਲ ਵਿਖੇ ਇਨਾਮ ਜੇਤੂ ਸਫਲ ਪਸ਼ੂ ਪਾਲਕ ਕਿਸਾਨ ਸ਼ਿੰਗਾਰਾ ਸਿੰਘ ਗਹਿਲ ਵੱਲੋਂ ਆਪਣੇ ਖੇਤ ਵਿੱਚ ਬੀਜੀ ਮੱਕੀ ਦੀ ਫਸਲ ਦੀਆਂ ਛੱਲੀਆਂ ਬਜ਼ਾਰ ਵਿੱਚ ਵੱਧ ਭਾਅ ’ਤੇ ਵੇਚਣ ਦੀ ਥਾਂ ਟਾਂਡਿਆਂ ਨਾਲ ਹੀ ਕੁਤਰਾ ਕਰਕੇ ਹਰੇ ਚਾਰੇ ’ਤੇ ਤੂੜੀ ਵਾਂਗ ਪਸ਼ੂਆਂ ਨੂੰ ਖੁਰਾਕ ਵਜੋਂ ਦੇਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕਿਸਾਨ ਸ਼ਿੰਗਾਰਾ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ‘ਸ਼ੌਕ ਦਾ ਕੋਈ ਮੁੱਲ ਨਹੀਂ’ ਤਹਿਤ ਉਸ ਵੱਲੋਂ ਮੱਕੀ ਦੀਆਂ ਛੱਲੀਆਂ ਦਾ ਵੱਧ ਮੁੱਲ ਵੱਟਣ ਦੀ ਥਾਂ ਉਸ ਵੱਲੋਂ ਟਾਂਡਿਆਂ ਸਮੇਤ ਕੁਤਰਾ ਕਰਕੇ ਪਸ਼ੂਆਂ ਨੂੰ ਪਾਉਣ ਲਈ ਉਹ ਲਾਹੇਵੰਦਾਂ ਸਮਝਦਾ ਹੈ। ਉਸ ਨੇ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਉਸ ਵੱਲੋਂ ਬੀਜੀ ਮੱਕੀ ਦੀ ਫਸਲ, ਜੋ 85 ਦਿਨਾਂ ਵਿੱਚ ਮੁਕੰਮਲ ਹੋ ਗਈ, ਇਸ ਨੂੰ ਹਰ ਰੋਜ਼ ਪਸ਼ੂਆਂ ਲਈ ਖੁਰਾਕ ਦੇਣ ਤੋਂ ਇਲਾਵਾ ਉਸ
ਨੇ ਅਗਲੇ ਦਿਨਾਂ ਲਈ ਅਚਾਰ ਬਣਾ ਕੇ ਰੱਖ ਲਿਆ ਹੈ, ਜੋ ਅਗਲੇ ਦਿਨਾਂ ਵਿੱਚ ਵਰਤੋਂ ਵਿੱਚ ਲਿਆਂਦਾ ਜਾਵੇਗਾ। ਕਿਸਾਨ ਸ਼ਿੰਗਾਰਾ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਜਿਹੀ ਵਿਧੀ ਅਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਫਾਰਮ ਵਿੱਚ ਇਸ ਸਮੇਂ 25 ਤੋਂ ਵੱਧ ਕੀਮਤੀ ਮੱਝਾਂ ਸ਼ਾਮਲ ਹਨ, ਜਿਨ੍ਹਾਂ ਦੀ ਹਰ ਸਹੂਲਤ ਦਾ ਲੋੜੀਂਦਾ ਪ੍ਰਬੰਧ ਫੁਆਰੇ ਵੀ ਲਗਾਏ ਹੋਏ ਹਨ। ਸਫਲ ਪਸ਼ੂ ਪਾਲਕ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਇਸ ਕਿੱਤੇ ਨਾਲ ਉਹ ਆਰਥਿਕ ਤੌਰ ’ਤੇ ਕਾਫੀ ਮਜ਼ਬੂਤ ਹੋਇਆ ਹੈ। ਉਸ ਦੇ ਹੱਥੀਂ ਪਾਲੀਆਂ ਮੱਝਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪਸ਼ੂ ਮੇਲਿਆਂ ਵਿੱਚ ਇਨਾਮ ਜਿੱਤ ਕੇ ਉਸ ਨੂੰ ਵੱਡਾ ਸਾਤਿਕਾਰ ਦੁਆਇਆ ਹੈ ਅਤੇ ਉਸ ਦੇ ਇਸ ਕਿੱਤੇ ਪ੍ਰਤੀ ਹੌਸਲੇ ਨੂੰ ਬੁਲੰਦ ਕੀਤਾ ਹੈ।