ਸਿਡਨੀ, 27, ਜੁਲਾਈ (ਅ.ਬ)- ਪੰਜਾਬੀ ਦੇ ਜਾਣੇ ਪਹਿਚਾਣੇ ਸ਼ਾਇਰ, ਹਿੰਦ ਰਤਨ ਐਵਾਰਡ ਵਿਜੇਤਾ, ਪੰਜਾਬੀਅਤ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਡਾ.ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ ’ਚ 21 ਅਗਸਤ 2010 ਨੂੰ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ’ਚ ਅਜ਼ਾਦ ਉਮੀਦਵਾਰ ਵਜੋਂ ਗਰੀਨਵੇ ਡਿਵੀਜ਼ਨ ਤੋਂ ਭਾਰਤੀ ਪੰਜਾਬੀ ਪਾਕਿਸਤਾਨੀ ਬੰਹਗਲਾਦੇਸੀ ਤੇ ਸ੍ਰੀ ਲੰਕਨ ਲੋਕਾਂ ਵੱਲੋਂ ਨਾਮਜ਼ਦ ਕੀਤੇ ਗਏ ਹਨ। ਡਾ.ਅਮਰਜੀਤ ਟਾਂਡਾ ਨੇ ਗਰੀਨਵੇ ਡਿਵੀਜ਼ਨ ’ਚ ਵਸਦੇ ਆਪਣੇ ਸਾਰੇ ਦੋਸਤਾਂ-ਮਿੱਤਰਾਂ ਨੂੰ ਆਪਣੀ ਕੀਮਤੀ ਵੋਟ ਲਈ ਅਪੀਲ ਕੀਤੀ ਹੈ। ਗਰੀਨਵੇ ਡਿਵੀਜ਼ਨ ’ਚ ਪੈਂਡਲ ਹਿੱਲ, ਗਿਰਾਵੀਨ, ਸੈਵਨ ਹਿੱਲ, ਟੂਨਗਾਬੀ, ਲਾਲਰ ਪਾਰਕ, ਕਿੰਗਜ਼ ਲੈਂਗਲੀ, ਕਿੰਗਜ਼ ਪਾਰਕ, ਕਿਉਐਕਰਜ਼ ਹਿੱਲ, ਪਾਰਕਲੀ, ਕੈਲੀਵਿੱਲ ਰਿੱਜ਼, ਦਾ ਪੌਂਡਜ, ਸਕੋਫ਼ੀਲਡ, ਰਿਵਰਸਟੋਨ ਦੇ ਇਲਾਕੇ ਸ਼ਾਮਿਲ ਹਨ- ਡਾ.ਅਮਰਜੀਤ ਟਾਂਡਾ ਚੌਥੀ
ਵਾਰ ਪਾਰਲੀਮਾਨੀ ਚੋਣਾਂ ’ਚ ਅਜ਼ਾਦ ਉਮੀਦਵਾਰ ਵਜੋਂ ਫਿਰ ਨਿੱਤਰੇ ਹਨ। ਇਸ ਵਾਰ ਡਾ.ਅਮਰਜੀਤ ਟਾਂਡਾ ਜੀ ਨੂੰ ਗਰੀਨਵੇ ਡਿਵੀਜ਼ਨ ਚ ਵਸਦੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਡਾ.ਅਮਰਜੀਤ ਟਾਂਡਾ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਵੀ ਪ੍ਰਧਾਨ ਹਨ ਅਤੇ ਭਾਸ਼ਾ ਵਿਭਾਗ ਪਟਿਆਲਾ, ਪੰਜਾਬ ਤੇ ਮੈਲਬੌਰਨ ਸਿੱਖ ਐਸਸੀਏਸਨ ਵੱਲੋਂ ਵਲੰਟੀਅਰ ਆਫ ਦਾ ਯੀਅਰ ਵਜੋਂ ਸਨਮਾਨਿਤ ਵੀ ਕੀਤੇ ਗਏ ਹਨ। ਯਾਦ ਰਹੇ ਕਿ 1990-92 ’ਚ ਵੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਪੰਜਾਬ ਵੱਲੋਂ ਡਾ.ਅਮਰਜੀਤ ਟਾਂਡਾ ਜੀ ਦੀ ਸਰਵ-ਉੱਤਮ ਕਵਿਤਾ ਨੂੰ ਵੀ ਸਨਮਾਨਿਆ ਗਿਆ ਸੀ। ਡਾ: ਅਮਰਜੀਤ ਟਾਂਡਾ ਪੰਜਾਬੀ ਦੇ ਸ਼ਾਇਰ, ਸਮਾਜ ਸੇਵਕ ਤੇ ਸੰਸਾਰ ਪ੍ਰਸਿੱਧ ਕੀਟ-ਵਿਗਿਆਨੀ ਵੀ ਹਨ ਜਿਹਨਾਂ ਨੇ ਸਦਾ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਖਿੱਤਿਆਂ ਰਾਹੀਂ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਆਸਟ੍ਰੇਲੀਆ ’ਚ ਦੇਸ਼ ਦਾ ਝੰਡਾ ਉੱਚਾ ਰੱਖਣ ਖਾਤਰ ਉਹਨਾਂ ਨੂੰ ਇਸ ਸਾਲ ਐਨ ਆਰ ਆਈ ਸੁਸਾਇਟੀ ਆਫ ਇੰਡੀਆ ਵੱਲੋਂ ਹਿੰਦ ਰਤਨ ਐਵਾਰਡ ਦੇ ਕੇ ਵੀ ਸਨਮਾਨਿਆ ਗਿਆ ਹੈ। ਕੀਟ-ਵਿਗਿਆਨ ’ਚ ਮੁੱਢਲੀ ਖੋਜ ਕਰਨ ਸਦਕਾ ਅਮਰੀਕਾ ਦੀ ਇੰਸਟੀਚਿਊਟ ਆਫ਼ ਰੇਲਿਗ ਵੱਲੋਂ ਉਹਨਾਂ ਦਾ ਨਾਂ ਦੁਨੀਆਂ ਦੀਆਂ 5000 ਸੰਸਾਰ ਪ੍ਰਸਿੱਧ ਸਖ਼ਸੀਅਤਾਂ ’ਚ ਲਿਖਿਆ ਗਿਆ ਹੈ। ਇੰਸਟੀਚਿਊਟ ਆਫ ਬਾਇਓਆਲੋਜੀ ਯੂ. ਕੇ ਨੇ ਉਹਨਾਂ ਨੂੰ ਬਾਇਓਆਲੋਜੀ ਦੀ ਆਨਰੇਰੀ ਡਿਗਰੀ ਦੇ ਕੇ ਵੀ ਸਨਮਾਨਿਤ ਕੀਤਾ ਹੈ। ਉਹਨਾਂ ਨੇ ਮੁਢਲੀ ਖੋਜ਼ ਪੇਪਰ ਦੁਨੀਆਂ ਭਰ ਚ ਅਮਰੀਕਾ, ਯੂ ਕੇ, ਨੀਦਰਲੈਂਡ, ਆਸਟ੍ਰੇਲੀਆ, ਬਰਾਜ਼ੀਲ ਚ ਆਦਿ ਦੇਸ਼ਾਂ ਚ ਪ੍ਰਸਿੱਧ ਕੀਟ ਵਿਗਿਆਨ ਦੇ ਪੇਪਰਾਂ ਚ ਛਾਪੇ ਹਨ। ਉਹਨਾਂ ਆਪਣੇ ਰੋਟੀ ਰੋਜ਼ੀ ਕਮਾਉਣ ਦੇ ਨਾਲ 2 ਪੰਜਾਬੀ ਕਵਿਤਾ ਤੇ ਨਜ਼ਮਾਂ ਦੀਆਂ 5 ਕਿਤਾਬਾਂ ‘ਲਿਖਤੁਮ ਨੀਲੀ ਬੰਸਰੀ, ਕੋਰੇ ਕਾਗਜ਼ ਤੇ ਨੀਲੇ ਦਸਤਖ਼ਤ, ਕੋਰੇ ਨੀਲੇ ਵਰਕੇ, ਦੀਵਾ ਸਫ਼ਿਆਂ ਦਾ, ਸੁਲਗਦੇ ਹਰਫ਼ ਨਾਮੀ ਕਿਤਾਬਾਂ ਵੀ ਲਿਖੀਆਂ ਹਨ ਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਸੰਚਾਲਨ ਤੋਂ ਇਲਾਵਾ ਇਹਨਾਂ ਜਲੰਧਰ ਟੀਵੀ ਤੇ ਰੇਡੀਓ, ਐਸ ਬੀ ਐਸ ਰੇਡੀਓ ਆਸਟ੍ਰੇਲੀਆ ਤੋਂ ਵੀ ਕਈ ਪ੍ਰੋਗਰਾਮ ਪੇਸ਼ ਕੀਤੇ ਹਨ ਤੇ ਕਈ ਨਜ਼ਮਾਂ ਵੀ ਪੜ੍ਹੀਆਂ ਹਨ ਤੇ ਪੜ੍ਹਦੇ ਰਹਿੰਦੇ ਹਨ। ਅਖਬਾਰਾਂ ਤੇ ਮੈਗਜੀ ’ਚ ਲੇਖ (ਹਾਸੇ ਤੇ ਹੰਝੂ) ਤੇ ਵਿਅੰਗ (ਦੋ ਤੇਰੀਆਂ ਦੋ ਮੇਰੀਆਂ) ਲਿਖ ਕੇ ਵੀ ਕਾਫੀ ਨਾਮਣਾ ਖੱਟਿਆ ਹੈ। ਡਾ.ਅਮਰਜੀਤ ਟਾਂਡਾ ਨੇ ਧਰਮ, ਰਾਜਨੀਤੀ ਤੇ ਹੋਰ ਕਈ ਵਿਸ਼ਿਆਂ ਉਪਰ ਪ੍ਰਭਾਵਸ਼ਾਲੀ ਲੇਖ ਵੀ ਲਿਖੇ ਹਨ, ਜਿਹਨਾਂ ਦੀ ਚਰਚਾ ਕਈ ਦਾਇਰਿਆਂ ਚ ਹੋਈ ਹੈ ਤੇ ਸਲਾਹੇ ਗਏ ਹਨ।