ਹਰਬੰਸ ਲਾਲ ਬੱਧਣ ਨਵੀਂ ਦਿੱਲੀ
ਜੇਕਰ ਅਸੀਂ ਹਿੰਦੂ ਕੋਡ ਬਿੱਲ ਉੱਤੇ ਚਰਚਾ ਕਰੀਏ ਤਾਂ ਡਾ. ਅੰਬੇਡਕਰ ਅਤੇ ਨਾਰੀ ਚੇਤਨਾ ਦੇ ਸਬੰਧ ਵਿੱਚ ਅਤੇ ਔਰਤ ਦੀ ਉੱਨਤੀ ਬਾਰੇ ਕੁੱਝ ਕਹਿਣਾ ਜਾਂ ਲਿਖਣਾ ਅਧੂਰਾ ਹੀ ਸਾਬਿਤ ਹੋਵੇਗਾ। ਇੰਡੀਆ ਵਿੱਚ ਔਰਤ ਚੇਤਨਾ ਲਈ ਅਤੇ ਔਰਤ ਦੀ ਪ੍ਰਗਤੀ, ਆਜ਼ਾਦੀ, ਬਰਾਬਰੀ ਅਤੇ ਅਧਿਕਾਰਾਂ ਲਈ ਇੱਕ ਕਾਨੂੰਨਨ ਦਸਤਾਵੇਜ਼ ਸਾਬਿਤ ਹੋ ਸਕਦਾ ਸੀ। ਜੇਕਰ ਇਸ ‘‘ਹਿੰਦੂ ਕੋਡ ਬਿੱਲ’’ ਨੂੰ ਜਿਉਂ ਦਾ ਤਿਉਂ ਹੀ ਸੰਸਦ ਵਿੱਚ ਪਾਸ ਕਰ ਦਿੱਤਾ ਜਾਂਦਾ, ਪ੍ਰੰਤੂ ਹਿੰਦੂ ਧਰਮ ਦੇ ਕੱਟੜਪੰਥੀ, ਹਿੰਦੂ ਧਰਮ ਦੇ ਧਰਮ ਆਚਾਰੀਆ ਅਤੇ ਹਿੰਦੂ ਧਰਮ ਵਿੱਚ ਅੰਧ-ਵਿਸ਼ਵਾਸ ਰੱਖਣ ਵਾਲੇ ਮਨੂੰ ਵੱਲੋਂ ਬਣਾਈ ਗਈ ਮਨੂੰਵਾਦੀ ਸੰਸਕ੍ਰਿਤੀ ਜਾਂ ਹਿੰਦੂ ਧਰਮ ਸ਼ਾਸਤਰਾਂ ਵਿੱਚ ਹੁੰਦਾ ਪਰਿਵਰਤਨ ਅਤੇ ਸੁਧਾਰ ਸਹਿਣ ਹੀ ਨਹੀਂ ਸਨ ਕਰ ਸਕੇ। ਮਰਦ ਪ੍ਰਧਾਨ ਸਮਾਜ ਸਥਾਪਤ ਕਰਨ ਵਾਲੇ ਅਤੇ ਵਿਸ਼ਵਾਸ ਪ੍ਰਗਟ ਕਰਨ ਵਾਲੇ, ਮਰਦ ਪ੍ਰਧਾਨ ਸੰਸਕ੍ਰਿਤੀ ਅਤੇ ਸਮਾਜਿਕ ਵਿਵਸਥਾ ਦੇ ਅਲੰਬਰਦਾਰ ਇਹ ਬਰਦਾਸ਼ਤ ਹੀ ਨਹੀਂ ਸਨ ਕਰ ਸਕਦੇ ਕਿ ਸਦੀਆਂ ਤੋਂ ਉਨ੍ਹਾਂ ਦੀ ਗੁਲਾਮ ਔਰਤ ਉਨ੍ਹਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਕਰ ਲਵੇ। ਇਸ ਕਰਕੇ ਉਨ੍ਹਾਂ ਨੇ ਡਾ. ਅੰਬੇਡਕਰ ਦੇ ਇਸ ਕ੍ਰਾਂਤੀਕਾਰੀ ਅਤੇ ਅਗਾਂਹਵਧੂ ਵਿਚਾਰ ਨੂੰ ਸਵੀਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਡਾ. ਅੰਬੇਡਕਰ ਔਰਤ ਨੂੰ ਉਸ ਦੇ ਸੰਵਿਧਾਨਕ ਅਤੇ ਮਾਨਵ ਅਧਿਕਾਰ ਪ੍ਰਾਪਤ ਕਰਵਾਉਣ ਲਈ ਸਾਰੀ ਜ਼ਿੰਦਗੀ ਇਨ੍ਹਾਂ ਪਿਛਾਂਹਖਿੱਚੂ ਅਤੇ ਕੱਟੜਪੰਥੀਆਂ ਨਾਲ ਸੰਘਰਸ਼ ਕਰਦੇ ਰਹੇ। ਇਸੇ ਕਰਕੇ ਉਨ੍ਹਾਂ ਨੇ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਸੰਵਿਧਾਨ ਤਿਆਰ ਕਰਨ ਵੇਲੇ ਹੀ ਹਰ ਖੇਤਰ ਵਿੱਚ ਔਰਤ ਦੇ ਅਧਿਕਾਰ ਮਰਦ ਦੇ ਅਧਿਕਾਰਾਂ ਦੇ ਬਰਾਬਰ ਹੀ ਰੱਖੇ ਹਨ। ਇਸ ਦੇ ਪਿੱਛੋਂ ਹੀ ‘‘ਹਿੰਦੂ ਕੋਡ ਬਿੱਲ’’ ਜਿਸ ਵਿੱਚ ਔਰਤ ਦੇ ਕਾਨੂੰਨੀ ਅਧਿਕਾਰ ਵੀ ਸ਼ਾਮਲ ਕੀਤੇ ਗਏ ਸਨ, ਪਾਸ ਕਰਵਾਉਣ ਲਈ ਕਾਨੂੰਨ ਮੰਤਰੀ ਦੇ ਅਹੁਦੇ ਨੂੰ ਵੀ ਠੋਕਰ ਮਾਰ ਦਿੱਤੀ ਸੀ। ਜਦੋਂ ਕਿ ਹਿੰਦੂ ਕੱਟੜਪੰਥੀਆਂ ਨੇ ਔਰਤ ਨੂੰ ਮਿਲ ਰਹੇ ਕਾਨੂੰਨੀ ਅਧਿਕਾਰਾਂ ਅਤੇ ਹੱਕਾਂ ਦੇ ਬਿੱਲ ਦਾ ਸਿਰਫ ਸੰਸਦ ਵਿੱਚ ਹੀ ਨਹੀਂ ਸਗੋਂ ਸੰਸਦ ਤੋਂ ਬਾਹਰ ਵੀ ਡੱਟ ਕੇ ਵਿਰੋਧ ਕੀਤਾ ਸੀ। ਇਸ ਬਿੱਲ ਦਾ ਵਿਰੋਧ ਹਿੰਦੂ ਕੱਟੜਪੰਥੀਆਂ ਨੇ ਗਲੀਆਂ, ਸੜਕਾਂ, ਬਜ਼ਾਰਾਂ, ਮੁਹੱਲਿਆਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਬਹੁਤ ਜ਼ੋਰਾਂ-ਸ਼ੋਰਾਂ ਨਾਲ ਕੀਤਾ। ਇਹ ਸਿਰਫ ਇੱਕ ਬਿੱਲ ਦਾ ਹੀ ਵਿਰੋਧ ਨਹੀਂ ਸੀ ਸਗੋਂ ਇਹ ਔਰਤ ਜਾਤੀ ਦਾ ਦਮਨ ਸੀ ਅਤੇ ਔਰਤ ਜਾਤੀ ਦਾ ਵਿਰੋਧ ਕਰਨ ਦੇ ਬਰਾਬਰ ਹੀ ਸੀ। ਹਿੰਦੂ ਕੱਟੜਪੰਥੀਆਂ ਵੱਲੋਂ ਆਪਣੇ ਹਿੰਦੂ ਧਰਮ ਸ਼ਾਸਤਰਾਂ ਦੀ ਆੜ੍ਹ ਵਿੱਚ ਔਰਤ ਨੂੰ ਮਿਲ ਰਹੇ ਕਾਨੂੰਨੀ ਅਧਿਕਾਰਾਂ ਨੂੰ ਕਤਲ ਕਰਨ ਦੇ ਬਰਾਬਰ ਸੀ।
ਇਸ ਵਿਰੋਧ ਵਿੱਚ ਹਿੰਦੂ ਧਰਮ ਆਚਾਰੀਆ, ਧਰਮ ਨੇਤਾ, ਹਿੰਦੂ ਸਮਾਜਿਕ, ਜੱਥੇਬੰਦੀਆਂ ਦੇ ਆਗੂ ਅਤੇ ਵੱਡੇ-ਵੱਡੇ ਰਾਜ ਨੇਤਾ ਵੀ ਸ਼ਾਮਲ ਸਨ। ਡਾ. ਅੰਬੇਡਕਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਹਿੰਦੂ ਕੋਡ ਬਿੱਲ ਦਾ ਵਿਰੋਧ ਕਰਨ ਵਾਲਿਆਂ ਵਿੱਚ ਆਜ਼ਾਦ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਵੀ ਸ਼ਾਮਲ ਸਨ। ਇੱਥੋਂ ਤੱਕ ਕਿ ਹਿੰਦੂਆਂ ਵੱਲੋਂ ਇਸ ਬਿੱਲ ਦਾ ਵਿਰੋਧ ਕਰਨ ਲਈ ਔਰਤਾਂ ਨੂੰ ਗੁੰਮਰਾਹ ਕਰਕੇ ਔਰਤ ਜੱਥੇਬੰਦੀਆਂ ਵੀ ਤਿਆਰ ਕੀਤੀਆਂ ਗਈਆਂ ਸਨ, ਜਦ ਕਿ ਬਿੱਲ ਦਾ ਮੁੱਖ ਮਕਸਦ ਔਰਤ ਨੂੰ ਵਧੇਰੇ ਕਾਨੂੰਨਨ ਅਧਿਕਾਰ ਪ੍ਰਾਪਤ ਕਰਵਾਉਣਾ ਸੀ। ਡਾ. ਅੰਬੇਡਕਰ ਨੂੰ ਲੋਕਾਂ ਵਿੱਚ ਬਦਨਾਮ ਕਰਨ ਲਈ ਹਿੰਦੂਆਂ ਵੱਲੋਂ ਇਹ ਪ੍ਰਚਾਰ ਵੀ ਕੀਤਾ ਗਿਆ ਕਿ ਉਹ ਹਿੰਦੂ ਧਰਮ ਸ਼ਾਸਤਰਾਂ, ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਧਰਮ ਦਾ ਵਿਰੋਧੀ ਹੈ ਅਤੇ ਉਸ (ਡਾ.ਅੰਬੇਡਕਰ) ਨੂੰ ਇੱਕ ਅਛੂਤ ਹੋਣ ਦੇ ਨਾਤੇ ਵੇਦਾਂ, ਹਿੰਦੂ ਸਿਮਰਤੀਆਂ ਅਤੇ ਹਿੰਦੂ ਧਰਮ ਸ਼ਾਸਤਰਾਂ ਨੂੰ ਪੜ੍ਹਨ ਅਤੇ ਸੁਣਨ ਦਾ ਕੋਈ ਅਧਿਕਾਰ ਹੀ ਪ੍ਰਾਪਤ ਨਹੀਂ ਹੈ ਅਤੇ ਇਹ ਬਿੱਲ ਹਿੰਦੂ ਧਰਮ ਸ਼ਾਸਤਰਾਂ ਦੇ ਅਨੁਕੂਲ ਹੀ ਨਹੀਂ ਹੈ।
ਇਸ ਬਿੱਲ ਨੂੰ ਕਾਨੂੰਨੀ ਰੂਪ ਦਿਲਾਉਣ ਦੇ ਲਈ ਅਤੇ ਸੰਸਦ ਵਿੱਚ ਪਾਸ ਕਰਵਾਉਣ ਲਈ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਡਾ. ਅੰਬੇਡਕਰ ਨਾਲ ਵਾਇਦਾ ਕੀਤਾ ਹੋਇਆ ਸੀ ਕਿ ਉਹ ਇਸ ਬਿੱਲ ਨੂੰ ਸੰਸਦ ਵਿੱਚ ਪਾਸ ਕਰਵਾਉਣ ਦੇ ਲਈ ਕਾਨੂੰਨ ਮੰਤਰੀ (ਡਾ. ਅੰਬੇਡਕਰ) ਦੀ ਹਰ ਸਹਾਇਤਾ ਕਰਨਗੇ, ਪ੍ਰੰਤੂ ਬ੍ਰਾਹਮਣਵਾਦੀ ਹਿੰਦੂਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੰਡਤ ਜਵਾਹਰ ਲਾਲ ਨਹਿਰੂ ਦੇ ਵੱਸ ਦੀ ਗੱਲ ਨਹੀਂ ਸੀ। ਉਹ ਹਿੰਦੂ ਕੱਟੜਪੰਥੀਆਂ ਤੋਂ ਡਰਦੇ ਹੋਏ ਮੈਦਾਨ ਛੱਡ ਕੇ ਦੌੜ ਗਏ ਅਤੇ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਉਣ ਲਈ ਔਰਤ ਵਿਰੋਧੀ ਬ੍ਰਾਹਮਣਵਾਦੀਆਂ ਦੀ ਕਤਾਰ ਵਿੱਚ ਜਾ ਖੜ੍ਹੇ ਹੋਏ। ਇੱਥੇ ਇਹ ਵੀ ਵਿਚਾਰ ਕਰਨਾ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਖੁਦ ਜਨਮ ਤਂੋ ਇੱਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ, ਇੱਕ ਬ੍ਰਾਹਮਣ ਸਨ, ਕਿਉਂਕਿ ਬ੍ਰਾਹਮਣ ਸਿਰਫ ਜਨਮ ਲੈਂਦਾ ਹੈ।
ਉਹ ਕਿਸੇ ਤਰ੍ਹਾਂ ਵੀ ਹਿੰਦੂ ਧਰਮ ਸ਼ਾਸਤਰਾਂ, ਸਿਮਰਤੀਆਂ ਅਤੇ ਹਿੰਦੂ ਧਰਮ ਗ੍ਰੰਥਾਂ ਜਾਂ ਹਿੰਦੂ ਧਰਮ ਆਚਾਰੀਆ ਦੇ ਉਪਦੇਸ਼ ਦਾ ਵਿਰੋਧ ਕਰਨ ਵਿੱਚ ਵਿਸ਼ਵਾਸ ਪ੍ਰਗਟ ਨਹੀਂ ਸਨ ਕਰ ਸਕਦਾ, ਜੋ ਇੱਕ ਪੈਦਾਇਸ਼ੀ ਬ੍ਰਾਹਮਣ ਦਾ ਫਰਜ ਸੀ, ਉਹ ਹੀ ਫਰਜ ਪੰਡਤ ਜਵਾਹਰ ਲਾਲ ਨਹਿਰੂ ਨੇ ਨਿਭਾਇਆ ਤੇ ਜੋ ਇੱਕ ਬ੍ਰਾਹਮਣ ਤੋਂ ਜੋ ਆਸ ਰੱਖੀ ਜਾ ਸਕਦੀ ਹੈ, ਉਹ ਹੀ ਕੰਮ ਇੱਕ ਬ੍ਰਾਹਮਣ ਪ੍ਰਧਾਨ ਮੰਤਰੀ ਨੇ ਕੀਤਾ, ਕਿਉਂਕਿ ਪੰਡਤ ਜਵਾਹਰ ਲਾਲ ਨਹਿਰੂ ਪਹਿਲਾਂ ਇੱਕ ਬ੍ਰਾਹਮਣ ਸਨ ਅਤੇ ਫਿਰ ਉਹ ਪ੍ਰਧਾਨ ਮੰਤਰੀ। ਇਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਇੱਕ ਬ੍ਰਾਹਮਣ ਮਾਨਸਿਕ ਤੌਰ ਉੱਤੇ ਇੱਕ ਬ੍ਰਾਹਮਣ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਭੇਸ ਵਿੱਚ ਹੋਵੇ। ਭਾਵੇਂ ਉਹ ਆਮ ਸਧਾਰਣ ਬੰਦਾ ਹੋਵੇ, ਧਰਮ ਆਚਾਰੀਆ ਹੋਵੇ, ਪੁਜਾਰੀ ਹੋਵੇ ਜਾਂ ਕਿਸੇ ਵੀ ਉੱਚ ਪੱਦਵੀ ਉੱਤੇ ਪਹੁੰਚਿਆ ਹੋਇਆ ਹੀ ਕਿਉਂ ਨਾ ਹੋਵੇ, ਉਸ ਦੀ ਮਾਨਸਿਕਤਾ ਦੀ ਵਫਾਦਾਰੀ ਸਦਾ ਹੀ ਹਿੰਦੂ ਧਰਮ ਸ਼ਾਸਤਰਾਂ, ਹਿੰਦੂ ਸੰਸਕ੍ਰਿਤੀ ਅਤੇ ਬ੍ਰਾਹਮਣੀ ਸਮਾਜਿਕ ਵਿਵਸਥਾ ਵੱਲ ਹੀ ਰਹੇਗੀ। ਉਹ ਕਦੀ ਵੀ ਔਰਤ ਦੀ ਆਜ਼ਾਦੀ, ਬਰਾਬਰੀ ਅਤੇ ਔਰਤ ਦੇ ਅਧਿਕਾਰਾਂ ਪ੍ਰਤੀ ਇਮਾਨਦਾਰ ਨਹੀਂ ਹੋ ਸਕਦਾ। ਇਸ ਦਾ ਕਾਰਨ ਇਹ ਹੈ ਕਿ ਕੋਈ ਵੀ ਬ੍ਰਾਹਮਣ-ਬ੍ਰਾਹਮਣੀ ਵਿਚਾਰਧਾਰਾ ਵਾਲੇ ਵੇਦਾਂ, ਗ੍ਰੰਥਾਂ, ਸ਼ਾਸਤਰਾਂ ਸਿਮਰਤੀਆਂ ਅਤੇ ਧਰਮ ਗ੍ਰੰਥਾਂ ਦਾ ਵਿਰੋਧ ਕਰਨ ਦਾ ਹੌਂਸਲਾ ਹੀ ਨਹੀਂ ਕਰ ਸਕਦਾ।
ਡਾ. ਅੰਬੇਡਕਰ ਨੇ ਇੰਡੀਆ ਦੇ ਪਹਿਲੇ ਕਾਨੂੰਨ ਮੰਤਰੀ ਹੋਣ ਦੇ ਨਾਤੇ ‘‘ਹਿੰਦੂ ਕੋਡ ਬਿੱਲ’’ ਨੂੰ ਬਣਾ ਕੇ ਜੋ ਮਹੱਤਵਪੂਰਨ ਕੰਮ ਕੀਤਾ, ਉਸ ਕੰਮ ਨੇ ਸਮਾਂ ਪਾ ਕੇ ਸੱਚਮੁੱਚ ਹੀ ਇੰਡੀਅਨ ਸਮਾਜ ਵਿੱਚ ਇੱਕ ਹਲਚੱਲ ਮਚਾ ਕੇ, ਹਿੰਦੂ ਸੰਸਕ੍ਰਿਤੀ ਵਿੱਚ ਇੱਕ ਭੂਚਾਲ ਲਿਆ ਦਿੱਤਾ ਸੀ। ਡਾ. ਅੰਬੇਡਕਰ ਤਾਂ ਔਰਤ ਨੂੰ ਆਪਣੇ ਮਾਨਵ ਅਤੇ ਕਾਨੂੰਨਨ ਅਧਿਕਾਰ ਪ੍ਰਾਪਤ ਕਰਵਾਉਣ ਵੱਲ ਪ੍ਰਤੀਬੱਧ ਸਨ, ਕਿਉਂਕਿ ਉਹ ਔਰਤ ਦੀ ਉੱਨਤੀ ਅਤੇ ਆਜ਼ਾਦੀ ਦੇ ਸੱਚੇ, ਇਮਾਨਦਾਰ ਹਮਦਰਦ ਅਤੇ ਰਹਿਬਰ ਬਣ ਕੇ ਆਏ ਸਨ। ‘‘ਹਿੰਦੂ ਕੋਡ ਬਿੱਲ’’ ਨੇ ਸਦੀਆਂ ਤੋਂ ਚੱਲੀ ਆ ਰਹੀ ਪੀੜ੍ਹਤ ਔਰਤ ਨੂੰ ਜ਼ਾਲਮ ਹਿੰਦੂ ਸਮਾਜ ਤੋਂ ਮੁਕਤੀ ਦਿਵਾਉਣ ਲਈ, ਗੁਲਾਮੀ ਭਰੀ ਜ਼ਿੰਦਗੀ ਦੇ ਨਰਕ ਵਿੱਚੋਂ ਬਾਹਰ ਕੱਢਣ ਲਈ, ਵਿਆਹ ਦੇ ਅੱਠ-ਅੱਠ ਇਸ ਤਰ੍ਹਾਂ ਦੇ ਆਧਾਰ ਬਣਾਏ ਸਨ, ਜਿਸ ਅਧੀਨ ਉਹ ਲੋੜ ਪਏ ਤਾਂ ਉਹ ਜ਼ੁਲਮ ਕਰ ਰਹੇ ਪਤੀ ਤੋਂ ਤਲਾਕ ਲੈ ਕੇ ਵਿਆਹ ਬੰਧਨ ਤੋੜ ਸਕਦੀ ਹੈ।
ਸਮਾਜ ਦੇ ਇੱਕ ਮਹੱਤਵਪੂਰਨ ਅੰਗ ਨੂੰ ਨਿਆਂ ਦਿਵਾਉਣ ਲਈ, ਉਸ ਵਿੱਚ ਸਮਾਜਿਕ ਚੇਤਨਾ ਜਗਾਉਣ ਲਈ ਅਤੇ ਉਸ ਨੂੰ ਮਾਨਵ-ਅਧਿਕਾਰ ਪ੍ਰਾਪਤ ਕਰਵਾਉਣ ਲਈ ਡਾ. ਅੰਬੇਡਕਰ ਨੇ ਬਿੱਲ ਦਾ ਖਰੜਾ ਤਿਆਰ ਕਰਨ ਸਮੇਂ ਬਹੁਤ ਹੀ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਤਹਿ ਦਿਲੋਂ ਇਮਾਨਦਾਰੀ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਇਸ ਬਿੱਲ ਦਾ ਖਰੜਾ ਤਿਆਰ ਕਰਨ ਲਈ ਔਰਤ ਦੇ ਹਰ ਪਹਿਲੂ ਦਾ, ਹਰ ਸਥਿਤੀ ਦਾ ਅਤੇ ਹਰ ਅਧਿਕਾਰ ਦਾ ਬਹੁਤ ਹੀ ਡੂੰਘਾਈ ਅਤੇ ਬਰੀਕੀ ਨਾਲ ਅਧਿਐਨ ਕੀਤਾ ਸੀ, ਪ੍ਰੰਤੂ ਉਨ੍ਹਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਆਪਣੇ ਤਿਆਰ ਕੀਤੇ ਹੋਏ ਬਿੱਲ ‘‘ਹਿੰਦੂ ਕੋਡ ਬਿੱਲ’’ ਦਾ ਹਿੰਦੂ ਕੱਟੜਪੰਥੀਆਂ ਵੱਲੋਂ ਸਮੂਹਿਕ ਰੂਪ ਨਾਲ ਸੰਸਦ ਵਿੱਚ ਹੀ ਖੂਨ ਹੁੰਦਾ ਦੇਖਣਾ ਪਿਆ ਸੀ। ਇਹ ਬਿੱਲ ਸੰਸਦ ਵਿੱਚੋਂ ਪਾਸ ਨਾ ਹੁੰਦਾ ਵੇਖਣਾ, ਜਿਸ ਸੰਸਦ ਦੇ ਖੁਦ ਜਨਮਦਾਤਾ, ਉਹ ਖੁਦ ਆਪ ਹੀ ਸਨ, ਡਾ. ਅੰਬੇਡਕਰ ਦੇ ਲਈ ਇਹ ਇੱਕ ਬਹੁਤ ਹੀ ਵੱਡੀ ਦੁਖਦਾਇਕ, ਸ਼ਰਮਨਾਇਕ ਅਤੇ ਅਪਮਾਨਜਨਕ ਦੁਰਘਟਨਾ ਸੀ, ਪਰ ਡਾ. ਅੰਬੇਡਕਰ ਵਰਗੀ ਮਹਾਨ ਸ਼ਖਸੀਅਤ ਅਤੇ ਪ੍ਰਤੀਬੱਧ ਕਲਿਆਣਕਾਰੀ ਲਈ ਆਪਣੇ ਮਿਸ਼ਨ ਅਤੇ ਕਰਤੱਵ ਦੇ ਸਾਹਮਣੇ ਇੱਕ ਕਾਨੂੰਨ ਮੰਤਰੀ ਦਾ ਪੱਦ ਬਹੁਤ ਹੀ ਛੋਟਾ ਅਤੇ ਨਾਮਾਤਰ ਸੀ। ਸੰਸਦ ਵੱਲੋਂ ‘‘ਹਿੰਦੂ ਕੋਡ ਬਿੱਲ’’ ਪਾਸ ਨਾ ਕਰਨ ਦੇ ਵਿਰੋਧ ਵਿੱਚ ਅਤੇ ਔਰਤ ਦੇ ਅਧਿਕਾਰਾਂ, ਬਰਾਬਰੀ ਅਤੇ ਆਜ਼ਾਦੀ ਦੇ ਮਸੀਹਾ ਇੱਕ ਸੱਚੇ ਅਤੇ ਇਮਾਨਦਾਰ ਸਿਧਾਂਤਵਾਦੀ ਡਾ. ਅੰਬੇਡਕਰ ਨੇ ਕਾਨੂੰਨ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ।
ਡਾ. ਅੰਬੇਡਕਰ ਵੱਲੋਂ ਤਿਆਰ ਕੀਤਾ ਗਿਆ ‘‘ਹਿੰਦੂ ਕੋਡ ਬਿੱਲ’’ ਉਸ ਸਮੇਂ ਤਾਂ ਸੰਸਦ ਵਿੱਚ ਹਿੰਦੂ ਕੱਟੜਪੰਥੀਆਂ ਵੱਲੋਂ ਇੱਕਮੁੱਠ ਹੋ ਕੇ ਸਮੂਹਿਕ ਰੂਪ ਵਿੱਚ ਪਾਸ ਨਹੀਂ ਸੀ ਹੋਣ ਦਿੱਤਾ, ਪ੍ਰੰਤੂ ਉਸ ਬਿੱਲ ਨੇ ਹਿੰਦੂ ਸਮਾਜ ਦੀ ਜੜ੍ਹ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ ਅਤੇ ਸਾਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਪ੍ਰੰਤੂ ਬਾਅਦ ਵਿੱਚ ਸਮੇਂ-ਸਮੇਂ ’ਤੇ ਉਸੀ ‘‘ਹਿੰਦੂ ਕੋਡ ਬਿੱਲ’’ ਦੇ ਧੜ ਦੇ ਟੋਟੇ-ਟੋਟੇ ਕਰਕੇ ਹਿੰਦੂਆਂ ਨੂੰ ਉਸ ਬਿੱਲ ਦੀਆਂ ਧਾਰਾਵਾਂ ਨੂੰ ਉਸੀ ਸੰਸਦ ਵਿੱਚ ਵੱਖ-ਵੱਖ ਕਾਨੂੰਨ ਬਣਾਉਣ ਉੱਤੇ ਮਜ਼ਬੂਰ ਹੋਣਾ ਪਿਆ। ਹਿੰਦੂ ਔਰਤ ਜੋ ਅਸਹਿ ਪੀੜਾ ਦੀ ਸ਼ਿਕਾਰ ਬਣੀ ਆ ਰਹੀ ਸੀ। ਸਦੀਆਂ ਦੀ ਗੁਲਾਮੀ ਭੋਗ ਰਹੀ ਸੀ, ਉਸ ਪੀੜ੍ਹਾ ਅਤੇ ਗੁਲਾਮੀ ਤੋਂ ਛੁਟਕਾਰਾ ਦਿਲਾਉਣ ਦੇ ਲਈ ਵੱਖ-ਵੱਖ ਕਾਨੂੰਨ ਬਣਾ ਕੇ ਜੋ ਸੰਸਦ ਵਿੱਚ ਪਾਸ ਕੀਤੇ ਗਏ ਉਹ ਇਸ ਤਰ੍ਹਾਂ ਹਨ-
(ਚੱਲਦਾ)
………../