ਇੱਕ ਸਫ਼ਲ ਕਿਸਾਨ ਸਿਮਰਜੀਤ ਸਿੰਘ ਉਪਲ ਪਿੰਡ ਔਲਖ ਨਾਲ ਕੀਤੀ ਮੁਲਾਕਾਤ
? ਸਿਮਰਜੀਤ ਸਿੰਘ ਤੁਹਾਡਾ ਜ਼ਿੰਦਗੀ ਦਾ ਪਹਿਲਾ ਪੜਾਅ ਕਿਸ ਤਰ੍ਹਾਂ ਦਾ ਹੈ?
-ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ। ਇੱਕ ਦਿਨ ਮੈਂ ਨੇੜਲੇ ਪਿੰਡ ਘਣੀਏ ਵਾਲਾ ਵਿਖੇ ਆਪਣੇ ਪਿਤਾ ਬਚਿੱਤਰ ਸਿੰਘ ਨਾਲ ਨਛੱਤਰ ਸਿੰਘ ਕਿਸਾਨ ਦੇ ਖੇਤ ਵਿੱਚ ਗਿਆ। ਖੇਤ ਵਿੱਚ ਪਏ ਡੱਬਿਆਂ ਨੂੰ ਦੇਖ ਕੇ ਮੈਂ ਨਛੱਤਰ ਸਿੰਘ ਨੂੰ ਪੁੱਛਿਆ ਕਿ ਇਨ੍ਹਾਂ ਵਿੱਚ ਕੀ ਹੈ, ਉਨ੍ਹਾਂ ਦੱਸਿਆ ਕਿ ਇਸ ਵਿੱਚ ਸ਼ਹਿਦ ਦੀਆਂ ਮੱਖੀਆਂ ਹਨ। ਉਨ੍ਹਾਂ ਮੈਨੂੰ ਮੱਖੀਆਂ ਦਿਖਾਈਆਂ। ਮੈਨੂੰ ਮੱਖੀਆਂ ਦੇ ਕੰਮ ਨੂੰ ਦੇਖ ਕੇ ਅਜੀਬ ਲੱਗਿਆ ਤੇ ਮਨ ਵਿੱਚ ਮੱਖੀਆਂ ਪਾਲਣ ਦਾ ਸ਼ੌਕ ਉਠਿਆ।
? ਉਸ ਤੋਂ ਬਾਅਦ ਤੁਸੀਂ ਆਪਣਾ ਸ਼ੌਕ ਕਿਵੇਂ ਪੂਰਾ ਕੀਤਾ?
- ਮੈਂ ਆਪਣੇ ਪਿਤਾ ਜੀ ਨੂੰ ਕਿਹਾ। ਮੇਰੇ ਪਿਤਾ ਨੇ ਮੇਰੀ ਉਮਰ ਛੋਟੀ ਹੋਣ ਕਰਕੇ ਇਸ ਕੰਮ ਤੋਂ ਰੋਕਿਆ, ਪਰ ਮੈਂ ਕੁੱਝ ਦਿਨ ਜਿੱਦ ਕਰਦਾ ਰਿਹਾ। ਅਖੀਰ ਮੈਂ ਮਾਤਾ ਗੁਰਬਿੰਦਰ ਕੌਰ ਕੋਲ ਜਿੱਦ ਕੀਤੀ ਤਾਂ ਮਾਤਾ ਨੇ ਆਪਣੇ ਕੋਲੋਂ ਉਸ ਸਮੇਂ ਸੰਨ 1995 ਵਿੱਚ ਮੈਨੂੰ 2000 ਰੁਪਏ ਦਿੱਤੇ। ਮੈਂ ਖੁਸ਼ੀ-ਖੁਸ਼ੀ ਨਛੱਤਰ ਸਿੰਘ ਮੱਖੀ ਪਾਲਕ ਕੋਲੋਂ ਸ਼ਹਿਦ ਦੀਆਂ ਮੱਖੀਆਂ ਦੇ ਦੋ ਡੱਬੇ ਖਰੀਦ ਕੇ ਆਪਣੇ ਘਰ ਲੈ ਆਇਆ।
? ਉਸ ਤੋਂ ਬਾਅਦ ਤੁਸੀਂ ਆਪਣੇ ਸ਼ੌਕ ਨੂੰ ਅੱਗੇ ਕਿਵੇਂ ਵਧਾਇਆ?
-ਮੈਂ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰੇਲੂ ਖੇਤੀ ਵਿੱਚ ਹਿੱਸਾ ਪਾਉਂਦਿਆਂ 14 ਸਾਲ ਦੀ ਉਮਰ ਵਿੱਚ ਖੇਤੀਬਾੜੀ ਵਿਭਾਗ ਫਰੀਦਕੋਟ ਨਾਲ ਸੰਪਰਕ ਕਰਕੇ 7 ਦਿਨ ਦੀ ਮੱਖੀ ਪਾਲਣ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਤੋਂ ਬਾਅਦ ਇੱਕ ਸਾਲ ਵਿੱਚ ਦੋ ਡੱਬਿਆਂ ਤੋਂ 20 ਡੱਬੇ ਤਿਆਰ ਕਰ ਲਏ।
? ਸ਼ਹਿਦ ਵੇਚਣ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ?
- ਮੇਰੀ ਮੱਖੀਆਂ ਦੇ ਕੀਤੇ ਸਹਾਇਕ ਧੰਦੇ ਦੀ ਲਗਨ ਦੇਖ ਕੇ ਮੇਰੇ ਮਾਤਾ ਪਿਤਾ ਵੀ ਮੇਰੀ ਮਦਦ ਕਰਨ ਲੱਗੇ। ਮੈਂ ਇਹ ਸ਼ਹਿਦ ਡੱਬਿਆਂ ਵਿੱਚੋਂ ਫਿਲਟਰ ਕਰਕੇ ਕੱਚ ਦੀਆਂ ਬੋਤਲਾਂ ਵਿੱਚ ਭਰ ਕੇ ਖੇਤੀਬਾੜੀ ਮੇਲਿਆਂ ਵਿੱਚ ਸੇਲ ਕੀਤੀ ਅਤੇ ਘਰ ਵਿੱਚ ਵੀ ਸ਼ਹਿਦ ਸੇਲ ਕੀਤਾ। ਤਕਰੀਬਨ ਸਾਲ ਦੌਰਾਨ 8000 ਰੁਪਏ ਦਾ ਸ਼ਹਿਦ ਵੇਚਿਆ ਅਤੇ 10 ਡੱਬੇ 15 ਹਜ਼ਾਰ ਰੁਪਏ ਦੇ ਵੇਚੇ। ਜਦੋਂ ਮੈਂ ਘਰ ਵਿੱਚ ਪਹਿਲੀ ਕਮਾਈ ਕਰਕੇ ਦਿੱਤੀ ਤਾਂ ਮਾਤਾ-ਪਿਤਾ ਨੂੰ ਬੜੀ ਖੁਸ਼ੀ ਹੋਈ। ਮੈਨੂੰ ਬਹੁਤ ਹੌਂਸਲਾ ਹੋਇਆ। ਮਿਹਨਤ ਕਰਦਿਆਂ ਮੈਂ ਸਾਲ 2000 ਤੱਕ 10 ਡੱਬਿਆਂ ਤੋਂ 350 ਡੱਬਾ ਤਿਆਰ ਕਰ ਲਿਆ। ਮੈਂ ਸ਼ਹਿਦ ਦੇ ਨਾਲ-ਨਾਲ ਇਟੈਲੀਅਨ ਮਧੂਮੱਖੀਆਂ ਤੇ ਰਾਣੀ ਮੱਖੀਆਂ ਵੀ ਸੇਲ ਕੀਤੀਆਂ। ਰਾਣੀ ਮੱਖੀ ਦੀ ਕੀਮਤ 500 ਰੁਪਏ ਤੱਕ ਸੇਲ ਕੀਤੀ। ਮੈਂ 1997 ਤੋਂ 2000 ਤੱਕ ਕੁੱਲ 6 ਲੱਖ ਰੁਪਏ ਦੀ ਆਮਦਨ ਕੀਤੀ। ਮੈਂ ਇਹ ਸੇਲ ਮਾਰਕੀਟ ਵਿੱਚ ਥੋਕ ਵਿੱਚ ਵੀ ਕਰਦਾ ਰਿਹਾ।
? ਸਿਮਰਜੀਤ ਸਿੰਘ ਜੀ ਤੁਸੀਂ ਇਸ ਕੰਮ ਨਾਲ ਹੋਰ ਕੀ ਕੀਤਾ ਅਤੇ ਆਪਣੀ ਪੜ੍ਹਾਈ ਕਿਵੇਂ ਚਾਲੂ ਰੱਖੀ?
- ਮੈਂ ਸੰਨ 2001 ਵਿੱਚ ਪਲੱਸ ਟੂ ਕਰਨ ਤੋਂ ਬਾਅਦ ਇਲੈਟ੍ਰਾਨਿਕ ਡਿਪਲੋਮਾ ਕੀਤਾ ਅਤੇ ਮੱਖੀ ਪਾਲਣ ਦੇ ਨਾਲ ਆਪਣੀ ਤੇ ਖੇਤੀ ਆਮਦਨ ਤੋਂ ਮੈਂ ਜ਼ਮੀਨ ਵਿੱਚ ਵੀ ਵਾਧਾ ਕੀਤਾ। ਖੇਤੀ ਵਿੱਚ ਦੋ ਕਨਾਲਾਂ ਵਿੱਚ ਸਬਜ਼ੀਆਂ ਜਿਵੇਂ ਖੁੰਬਾਂ, ਕੱਦੂ, ਪੇਠਾ, ਤੋਰੀ ਤੇ ਭਿੰਡੀਆਂ ਬਿਨਾਂ ਸਪਰੇ, ਰੂੜੀ ਖਾਦ ਪਾ ਕੇ ਲਾਈਆਂ। ਸਬਜ਼ੀਆਂ੍ਯ ਤੋਂ ਮੈਂ 4 ਮਹੀਨੇ ਦੌਰਾਨ 20,000 ਰੁਪਏ ਦੀ ਕਮਾਈ ਕੀਤੀ।
? ਕੀ ਤੁਸੀਂ ਮੱਖੀਆਂ ਦੇ ਡੱਬੇ ਇੱਕ ਸਥਾਨ ’ਤੇ ਹੀ ਰੱਖਦੇ ਹੋ?
- ਕਾਰੋਬਾਰ ਵਿੱਚ ਵਾਧਾ ਕਰਨ ਲਈ ਡੱਬੇ ਪੁੱਲਾਂ ਕੋਲ ਇੱਕ ਥਾਂ ਤੋਂ ਦੂਸਰੇ ਸਥਾਨ ਤਬਦੀਲ ਕਰਨੇ ਪੈਂਦੇ ਹਨ। ਜਿੱਥੇ ਫੁੱਲਾਂ ਦੀ ਖੇਤੀ, ਨੇੜੇ ਡੱਬੇ ਨਹੀਂ ਹੁੰਦੇ ਤਾਂ ਸ਼ਹਿਦ ਤੇ ਮੱਖੀ ਵਿੱਚ ਵਾਧਾ ਨਹੀਂ ਹੁੰਦਾ। ਡੱਬੇ ਤਬਦੀਲ ਕਰਨੇ ਤੇ 2 ਮਹੀਨੇ ਵਿੱਚ ਇੱਕ ਹਜ਼ਾਰ ਰੁਪਏ ਖਰਚ ਆ ਜਾਂਦਾ ਹੈ। ਰਾਤ ਨੂੰ ਡੱਬੇ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕਰਦੇ ਹਾਂ।
? ਪ੍ਰੋਡਕਸ਼ਨ ਦੇ ਲਈ ਤੁਸੀਂ ਕੀ ਕਰਦੇ ਹੋ ਅਤੇ ਇੱਕ ਡੱਬੇ ਵਿੱਚ ਕਿੰਨੇ ਫਰੇਮ ਤੇ ਕਿੰਨੀਆਂ ਮੱਖੀਆਂ ਹੁੰਦੀਆਂ ਹਨ?
- ਪ੍ਰੋਡਕਸ਼ਨ ਮੌਸਮ ’ਤੇ ਡਿਪੈਂਡ ਕਰਦੀ ਹੈ। ਗਰਮੀ ਵੱਧ ਤੇ ਸਰਦੀ ਵੱਧ ਪੈਣ ਤੇ ਸ਼ਹਿਦ ਤੇ ਅਸਰ ਪੈਂਦਾ ਹੈ। ਇੱਕ ਡੱਬੇ ਵਿੱਚ ਦਸ ਫਰੇਮ ਹਨ। ਇੱਕ ਫਰੇਮ ਤੇ ਇੱਕ ਹਜ਼ਾਰ ਮੱਖੀ ਹੁੰਦੀ ਹੈ ਤੇ ਪੂਰੇ ਡੱਬੇ ਵਿੱਚ ਦੱਸ ਹਜ਼ਾਰ ਮੱਖੀਆਂ ਹੁੰਦੀਆਂ ਹਨ। ਇੱਕ ਡੱਬੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ।
? ਮੱਖੀਆਂ ਨੂੰ ਕੋਈ ਬਿਮਾਰੀ ਅਤੇ ਇਸ ਦੇ ਇਲਾਜ ਬਾਰੇ ਦੱਸੋ?
- ਮੱਖੀਆਂ ਨੂੰ ਮੱਟ ਦੀ ਬਿਮਾਰੀ ਪੈਂਦੀ ਹੈ। ਇਸ ਦੇ ਇਲਾਜ ਲਈ ਬੈਟੀਕੋਲ ਦਵਾਈ ਵਰਤਦੇ ਹਾਂ ਅਤੇ ਔਕਸੀ, ਸੁੰਡੀ ਸੁੱਕਣ ਲਈ ਤੇ ਲਾਰਵਾ ਲਈ ਵਰਤਦੇ ਰਹਿੰਦੇ ਹਾਂ। ਦੂਸਰੀ ਬਿਮਾਰੀ ਮੋਮੀ ਕੀੜਾ ਦੇ ਬਚਾਅ ਲਈ ਅਚਾਰ ਵਾਲੇ ਸਿਰਕੇ ਨੂੰ ਡੱਬਿਆਂ ਦੀ ਸਫਾਈ ਲਈ ਵਰਤਦੇ ਹਾਂ।
? ਸਿਮਰਜੀਤ ਜੀ ਤੁਹਾਡੀ ਇਸ ਕੰਮ ਵਿੱਚ ਕਿਸੇ ਹੋਰ ਨੇ ਵੀ ਮੱਦਦ ਕੀਤੀ। ਸਾਲ 2001 ਤੋਂ 2009 ਤੱਕ ਤੁਹਾਨੂੰ ਕੀ ਫਾਇਦਾ ਹੋਇਆ ਅਤੇ ਕੀ ਕੀਤਾ?
- ਮੈਂ 2006 ਵਿੱਚ ਸ਼ੁੱਧ ਸ਼ਹਿਦ ਲਈ ਡਾ. ਆਤਮਾ ਸਿੰਘ ਸਿੱਧੂ ਸਹਾਇਕ ਮੰਡੀਕਰਨ ਖੇਤੀਬਾੜੀ ਅਫਸਰ ਦੀ ਤਕਨੀਕੀ ਸੇਧ ਸਦਕਾ ਭਾਰਤ ਸਰਕਾਰ ਵੱਲੋਂ ਐੱਗਮਾਰਕਾ ਸਰਟੀਫਿਕੇਟ ਜਾਰੀ ਕਰਵਾਇਆ ਅਤੇ ਸਾਲ 2007 ਵਿੱਚ ਗਰੁੱਪ ਸੋਸਾਇਟੀ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਰਜਿਸਟਰਡ ਕਰਵਾਈ। ਮੈਂ ਖੇਤੀਬਾੜੀ ਮੇਲਿਆਂ ਵਿੱਚ ਤੇ ਸੈਮੀਨਾਰਾਂ ਵਿੱਚ ਭਾਗ ਲੈਂਦਾ ਰਿਹਾ। ਮੈਨੂੰ ਹਿੰਦੋਸਤਾਨ ਲੈਵਲ ਦੇ ਸੈਮੀਨਾਰ ਵਿੱਚ ਅਪ੍ਰੈਲ 2007 ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਨੈਸ਼ਨਲ ਬੀ ਬੋਰਡ ਦਾ ਸਰਟੀਫਿਕੇਟ ਮਿਲਿਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਤੰਬਰ 2009 ਦੇ ਕਿਸਾਨ ਮੇਲੇ ਦੌਰਾਨ ਸ਼ਹਿਦ ਦੇ ਮੁਕਾਬਲੇ ਵਿੱਚ ਕਨਸੋਲੇਸ਼ਨ ਇਨਾਮ ਪ੍ਰਾਪਤ ਕੀਤਾ।
? ਸਿਮਰਜੀਤ ਸਿੰਘ ਜੀ ਤੁਹਾਡੀਆਂ ਹੋਰ ਵੀ ਕਈ ਪ੍ਰਾਪਤੀਆਂ ਹਨ?
- ਮੈਨੂੰ ਭਾਰਤ ਸਰਕਾਰ ਵੱਲੋਂ ਵੀ ਪ੍ਰੋਗਰੈਸਿਵ ਕਿਸਾਨ ਦਾ ਐਵਾਰਡ ਮਿਲ ਚੁੱਕਿਆ ਹੈ। 26 ਫਰਵਰੀ 2010 ਨੂੰ ਇਹ ਐਵਾਰਡ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਜੀ ਵੱਲੋਂ ਮੈਨੂੰ ਨਵਂੀਂ ਦਿੱਲੀ ਵਿੱਚ ਦਿੱਤਾ ਗਿਆ।
? ਤੁਹਾਡਾ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਕੀ ਸੁਨੇਹਾ ਹੈ?
- ਮੈਥੋਂ ਜੋ ਵੀ ਕਿਸਾਨ ਮੱਖੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਮੈਂ ਮੁਫਤ ਸਿਖਲਾਈ ਦਿੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਪੰਜਾਬ ਦਾ ਆਮ ਕਮਜ਼ੋਰ ਕਿਸਾਨ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰੇ ਅਤੇ ਸਾਨੂੰ ਆਪਣੀਆਂ ਸ਼ੁੱਧ ਸਬਜ਼ੀਆਂ ਬੀਜ ਕੇ ਖਾਣੀਆਂ ਚਾਹੀਦੀਆਂ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ।