ਡਾ. ਸਰੂਪ ਸਿੰਘ ਅਲੱਗ
(1563 ਤੋਂ 1606 ਈ.)
ਫਿਰ ਆਈ ਘਰ ਅਰਜਨੇ ਪੁਤ ਸੰਸਾਰੀ ਗੁਰੂ ਕਹਾਵੇ॥
ਜਾਣ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੇ॥
ਘਰ ਹੀ ਕੀ ਵਥ ਘਰੇ ਰਹਾਵੇ॥ -ਭਾਈ ਗੁਰਦਾਸ ਜੀ
ਬਾਣੀ ਦੇ ਬੋਹਿਥ, ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੀ ਮੂਰਤੀ, ਉਦਾਰਚਿਤਤਾ ਦੇ ਸਰੂਪ, ਮਾਨਵੀ ਪ੍ਰੇਮ ਦੇ ਅਲੰਬਰਦਾਰ, ਲਾਮਿਸਾਲ ਬ੍ਰਹਮ ਗਿਆਨੀ, ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਦੀ ਪੂਜਨੀਕ ਧਰਤੀ ਤੇ ਮਾਤਾ ਭਾਨੀ ਜੀ ਦੇ ਉਦਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ 15.4.1563 ਈ. ਨੂੰ ਹੋਇਆ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭੱਟਾਂ ਦੇ 121 ਸਵੱਈਆਂ ਵਿੱਚੋਂ ਤਿੰਨ ਭੱਟਾਂ ਨੇ ਆਪ ਜੀ ਦੀ ਸਰਬਪੱਖੀ ਉਪਮਾ ਵਿੱਚ ਜਿਹੜੇ 21 ਸਵੱਈਏ ਰਚੇ ਹਨ ਉਨ੍ਹਾਂ ਵਿੱਚ ਆਪ ਦੇ ਸਹਿਜ ਗੁਣਾਂ ਦਾ ਸੁਹਜ ਪੂਰਣ ਵਰਨਣ ਹੈ। ਭੱਟਾਂ ਨੇ ਇਹ ਲਿਖ ਕੇ ਵੀ ਕੋਈ ਅਤਿਕਥਨੀ ਤੋਂ ਕੰਮ ਨਹੀਂ ਲਿਆ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਸਿੰਘਾਸਨ ਖੁਦ ਪਰਮੇਸ਼ਵਰ ਨੇ ਪ੍ਰਦਾਨ ਕੀਤਾ ਤੇ ਜਗਤ ਦੇ ਕਲਿਆਣ ਹਿਤ ਗੁਰੂ ਰਾਮਦਾਸ ਜੀ ਨੇ ਆਪਣੀ ਜੋਤ ਗੁਰੂ ਅਰਜਨ ਦੇਵ ਵਿੱਚ ਬਿਰਾਜਮਾਨ ਕਰ ਦਿੱਤੀ ਤੇ ਇਸ ਤਰ੍ਹਾਂ ਉਨ੍ਹਾਂ ਵਿੱਚ ਬ੍ਰਹਮ ਦਾ ਨਿਵਾਸ ਹੋ ਗਿਆ ਅਤੇ ਉਹ ਪ੍ਰਤੱਖ ਰੂਪ ਵਿੱਚ ਆਪ ਅਕਾਲਪੁਰਖ ਦਾ ਰੂਪ ਹੋ ਗਏ। ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਆਪਣੇ ਗੁਰੂ ਪਿਤਾ,
ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਸੀ ਜਿਸਦੀ ਬਦੌਲਤ ਉਨ੍ਹਾਂ ਦੀ ਪਵਿੱਤਰ ਆਤਮਾ ਆਪਣੇ ਇਸ਼ਟ ਦੀ ਉਪਾਸ਼ਨਾ ਵਿੱਚ ਅਟੁੱਟ ਤੇ ਅਮੁੱਕ ਵਿਸ਼ਵਾਸ ਤੇ ਨਿਸ਼ਕਾਮ ਸਨੇਹ ਵਿੱਚ ਜੁਟੀ ਤੇ ਪਰਚੰਡ ਰਹਿੰਦੀ। ਉਨ੍ਹਾਂ ਦੀ ਇਸ ਘਨਿਸ਼ਟ ਸ਼ਰਧਾ, ਸਤਿਕਾਰੀ ਭਾਵਨਾ ਅਤੇ ਕਾਮਲ ਸ਼ਖਸੀਅਤ ਸਦਕਾ ਗੁਰੂ ਰਾਮਦਾਸ ਜੀ ਨੇ ਆਪਣੇ ਜੇਠੇ ਸਪੁੱਤਰ ਪ੍ਰਿਥਵੀ ਚੰਦ, ਵਿਚਕਾਰਲੇ ਸਪੁੱਤਰ ਮਹਾਂਦੇਵ ਨੂੰ ਛੱਡ ਕੇ ਸਭ ਤੋਂ ਨਿੱਕੇ ਸਪੁੱਤਰ ਅਰਜਨ ਦੇਵ ਜੀ ਨੂੰ ਮਾਨਵਤਾ ਦੀ ਬਹੁਪੱਖੀ ਰਹਿਨੁਮਾਈ ਦੇ ਕਾਬਲ ਸਮਝਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਦੀ ਰੁਹਾਨੀ ਗੱਦੀ ਦਾ ਵਾਰਸ ਥਾਪਿਆ। ਇਹ ਘਟਨਾ 1.9.1581 ਦੀ ਹੈ। ਇਧਰ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ ਤੇ ਉਧਰ ਅਕਬਰ ਬਾਦਸ਼ਾਹ ਨੇ ਸਭ ਭਾਰਤੀਆਂ ਨੂੰ ਇਕ ਵਿਸ਼ਵਾਸ ਅਧੀਨ ਲਿਆਉਣ ਲਈ ਉਸੇ ਸਾਲ ਇਕ ਵਿਸ਼ੇਸ਼ ਸਾਂਝਾ ਧਰਮ ‘ਦੀਨੇ-ਇਲਾਹੀ’ ਦੇ ਨਾਂ ਹੇਠ ਚਲਾਇਆ ਪਰ ਬਾਦਸ਼ਾਹੀ ਸਰਪ੍ਰਸਤੀ ਹਾਸਲ ਹੋਣ ਦੇ ਬਾਵਜੂਦ ਵੀ ਦੀਨੇ-ਇਲਾਹੀ ਦੀ ਵਿਚਾਰਧਾਰਾ ਪਨਪ ਨਾ ਸਕੀ। ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਮਗਰੋਂ ਆਏ ਹੋਰ ਤਿੰਨ ਗੁਰੂ ਸਾਹਿਬਾਨ ਦੇ ਰੁਹਾਨੀ ਫਲਸਫ਼ੇ ਨੂੰ ਹੋਰ ਅੱਗੇ ਤੋਰਿਆ ਅਤੇ ਅਕਾਲਪੁਰਖ ਦੀ ਮਹਿਮਾ ਅਜਿਹੇ ਅਲੌਕਿਕ ਢੰਗਾਂ ਨਾਲ ਗਾਈ ਕਿ ਕਰੂੜ ਤੋਂ ਕਰੂੜ ਤੇ ਕੁਰੱਖਤ ਅਤੇ ਸਖ਼ਤ ਤੋਂ ਸਖ਼ਤ ਹਿਰਦਾ ਵੀ ਉਸ ਮਹਾਨ ਵਾਹਿਗੁਰੂ ਦੀ ਸਿਮਰਤੀ ਵਿੱਚ ਜੁੜਨ ਲਈ ਨਿਰਮਲ ਤੇ ਹੋਰ ਨਿਰਮਲ ਹੁੰਦਾ ਗਿਆ। ਸੁਖਮਨੀ ਸਾਹਿਬ ਗੁਰੂ ਸਾਹਿਬ ਦੀ ਅਜਿਹੀ ਬਾਣੀ ਹੈ ਜਿਹੜੀ ਹਿਰਦੇ ਨੂੰ ਠੰਢ ਪਾਉਂਦੀ ਹੈ, ਆਤਮਾ ਨੂੰ ਆਨੰਦ ਦੇਂਦੀ ਹੈ, ਮਨ ਨੂੰ ਟਿਕਾਉ ਬਖਸ਼ਦੀ ਹੈ, ਸਰੀਰ ਨੂੰ ਸਵੱਛ ਕਰਦੀ ਹੈ, ਰੱਬੀ ਮਿਹਰ ਦੀ ਪਾਤਰ ਬਣਾਉਂਦੀ ਹੈ, ਮਾਨੋ ਕਿ ਸਰਬ ਰੋਗਾਂ ਦੀ ਔਸ਼ਧੀ ਹੈ, ਅਗਾਸੋਂ ਆਈ ਆਤਮਿਕ ਸੌਗਾਤ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਅੰਗ-262
ਜਿਤਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਵਿੱਚੋਂ ਅੱਧੀ ਨਾਲੋਂ ਵਧ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਗਈ ਬਾਣੀ ਹੈ ਜਿਸ ਵਿੱਚ ਚੰਗੇ ਮਨੁੱਖ, ਅਕਾਲਪੁਰਖ ਨਾਲ ਜੁੜੇ ਹੋਏ ਮਨੁੱਖ, ਮਾਨਵਤਾ ਦੇ ਹਿਤੈਸ਼ੀ ਮਨੁੱਖ ਦੇ ਚਰਿਤਰ ਦੀ ਘਾੜਤ ਮੌਜੂਦ ਹੈ। ਗੁਰੂ ਸਾਹਿਬ ਵੱਲੋਂ 2218 ਸ਼ਬਦਾਂ ਦੁਆਰਾ ਇਸ ਗੱਲ ਨੂੰ ਬਾਰ ਬਾਰ ਬਹੁਤ ਹੀ ਸੁਚੱਜੇ ਤੇ ਦ੍ਰਿਸ਼ਟਾਂਤਮਈ ਨਿਰਾਲੇ ਢੰਗਾਂ ਨਾਲ 30 ਰਾਗਾਂ ਵਿੱਚ ਗਾ ਗਾ ਕੇ ਦੋਹਰਾਇਆ ਗਿਆ ਹੈ। ਬਾਣੀ ਦੇ ਇਸ ਅਨੂਠੇ ਪ੍ਰਵਾਹ ਸਦਕਾ ਉਨ੍ਹਾਂ ਨੂੰ ਰਾਇ ਬਲਵੰਡ ਜੀ ਵਲੋਂ: ‘ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ॥’ ਕਹਿ ਕੇ ਸਤਿਕਾਰਿਆ ਗਿਆ ਭਾਵ ਇਹ ਕਿ ਉਨ੍ਹਾਂ ਨੇ ਆਪਣੀ ਮਹਾਨ ਸ਼ਖਸੀਅਤ ਤੇ ਬਾਣੀ ਪਰਵਾਹ ਸਦਕਾ ਸੂਰਜ ਦੇ ਚੜ੍ਹਨ ਵਾਲੇ ਪਾਸੇ ਤੋਂ ਲੈ ਕੇ ਡੁੱਬਣ ਵਾਲੇ ਪਾਸੇ ਤਕ ਭਾਵ ਹਰ ਤਰਫ਼ ਅਧਿਆਤਮਿਕ ਪਰਕਾਸ਼ ਦਾ ਚਾਨਣ ਹੀ ਚਾਨਣ ਬਖੇਰ ਦਿੱਤਾ ਹੈ ਅਤੇ ਸੰਸਾਰ ਨੂੰ ਨੂਰੋ ਨੂਰ ਕਰ ਦਿੱਤਾ ਹੈ।
ਗੁਰੂ ਸਾਹਿਬ ਨੇ ਆਪਣੇ ਗੁਰਗੱਦੀ ਕਾਲ ਵਿੱਚ ਇਲਾਹੀ ਬਾਣੀ ਰਚਣ ਤੋਂ ਇਲਾਵਾ ਪਹਿਲੇ ਗੁਰੂ ਸਾਹਿਬਾਨ, ਭਗਤਾਂ, ਉੱਚੇ ਸੁੱਚੇ ਪੀਰਾਂ, ਦਰਵੇਸ਼ਾਂ ਅਤੇ ਭੱਟਾਂ ਦੀ ਬਾਣੀ ਇਕੱਤਰ ਕਰਕੇ ਰਾਗਾਂ ਦੇ ਅਧਾਰ ਤੇ ਉਸਨੂੰ ਇਕ ਗ੍ਰੰਥ ਵਿੱਚ ਸੰਪਾਦਤ ਕੀਤਾ। ਇਹ ਮਹਾਨ ਕਾਰਜ ਉਨ੍ਹਾਂ ਨੇ ਰਾਮਸਰ ਦੇ ਕੰਢੇ (ਸ੍ਰੀ ਅੰਮ੍ਰਿਤਸਰ ਵਿਖੇ) ਬੈਠ ਕੇ 1601 ਤੋਂ 1604 ਈ. ਦੌਰਾਨ ਨਿਰੰਤਰ ਮਿਹਨਤ, ਲਗਨ ਤੇ ਸੁਗਮਤਾ ਨਾਲ ਪੂਰਾ ਕੀਤਾ। ਸਾਧਾਰਨ ਪਰ ਪਰਪੱਕ ਪੰਜਾਬੀ ਭਾਸ਼ਾ ਵਿੱਚ ਬਾਣੀ ਰਚ ਕੇ ਉਨ੍ਹਾਂ ਨੇ ਪੰਜਾਬੀ ਨੂੰ ਵਿਸ਼ੇਸ਼ ਮਾਣ ਬਖਸ਼ਿਆ ਜਿਸ ਕਰਕੇ ਪੰਜਾਬੀ ਲੋਕ ਆਪਣੀ ਭਾਸ਼ਾ ਨੂੰ ਵਿਕਸਤ ਤੇ ਪਰਮਾਣਕ ਰੂਪ ਵਿੱਚ ਪ੍ਰਾਪਤ ਕਰਕੇ ‘ਅਹਿਲੇ ਜ਼ਬਾਨ’ ਬਣ ਗਏ। ਇਥੇ ਹੀ ਬੱਸ ਨਹੀਂ ਗੁਰੂ ਗ੍ਰੰਥ ਸਾਹਿਬ ਵਰਗਾ ਲਾਸਾਨੀ ਇਲਾਹੀ ਖ਼ਜ਼ਾਨਾ ਪ੍ਰਾਪਤ ਕਰਕੇ ਉਹ ‘ਅਹਿਲੇ ਗ੍ਰੰਥ’ ਬਣ ਗਏ। ਗੁਰੂ ਅਰਜਨ ਦੇਵ ਜੀ ਨੇ ਗ਼ੁਲਾਮ ਮੁਹੀਉਦੀਨ ਦੀ ਤਵਾਰੀਖ-ਇ-ਪੰਜਾਬ ਵਿੱਚ ਦੱਸੇ ਅਨੁਸਾਰ ਅੰਮ੍ਰਿਤਸਰ ਸਰੋਵਰ ਵਿੱਚ ਸੂਫ਼ੀ ਪੀਰ ਮੀਆਂ ਮੀਰ ਜੀ ਪਾਸੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਸਰਬ ਧਰਮਾਂ ਲਈ ਇਹ ਅਲੌਕਿਕ ਮੰਦਰ ਉਸਰਵਾਇਆ ਜਿਸ ਦੇ ਚਾਰ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹੋਏ ਕਿ ਇਹ ਚੌਹਾਂ ਜ਼ਾਤਾਂ, ਚੌਹਾਂ ਦਿਸ਼ਾਵਾਂ ਭਾਵ ਸਭ ਲੁਕਾਈ ਦਾ ਸਾਂਝਾ ਤੀਰਥ ਹੈ। ਇਸ ਮਹਾਨ ਤੀਰਥ ਦੇ ਹੋਂਦ ਵਿੱਚ ਆਉਣ ਨਾਲ ਸਿੱਖ ‘ਅਹਿਲੇ ਅਬਾਦਤਗਾਹ’ ਵੀ ਬਣ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਅਬਾਦ ਹੋ ਕੇ ਇਸਦੇ ਵਿਕਾਸ ਲਈ ਵਪਾਰੀਆਂ ਤੇ ਹੋਰ ਉੱਘੇ ਹੁਨਰਮੰਦਾਂ ਨੂੰ ਸੰਦੇਸ਼ ਭੇਜੇ ਕਿ ਉਹ ਇਸ ਸ਼ਹਿਰ ਵਿੱਚ ਵਸ ਕੇ ਇਸਦੇ ਵਿਕਾਸ ਵਿੱਚ ਹਿੱਸਾ ਪਾਉਣ। ਤਰਨਤਾਰਨ ਸਾਹਿਬ ਅਤੇ ਕਰਤਾਰਪੁਰ ਸ਼ਹਿਰਾਂ ਦੀ ਸਿਰਜਣਾ ਵੀ ਗੁਰੂ ਸਾਹਿਬ ਨੇ ਧਰਮ ਕੇਂਦਰ ਵਿਕਸਤ ਕਰਨ ਦੇ ਮਨੋਰਥ ਨਾਲ ਕਰਵਾਈ। ਇਵੇਂ ਕਈ ਧਾਰਮਿਕ ਨਗਰਾਂ ਦੀ ਸਿਰਜਣਾ ਹੋ ਜਾਣ ਨਾਲ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਸਦਕਾ ਸਿੱਖ ‘ਅਹਿਲੇ ਸਥਾਨ’ ਵੀ ਬਣ ਗਏ ਜਿੱ੍ਯਥੇ ਉਹ ਮੇਲਿਆਂ, ਤਹਿਵਾਰਾਂ ਦੀ ਸ਼ਕਲ ਵਿੱਚ ਸਮੇਂ ਸਮੇਂ ਤੇ ਇਕੱਠੇ ਹੋਣ ਲਗ ਪਏ ਜਿਸ ਕਰਕੇ ਜੱ੍ਯਥੇਬੰਦੀ ਮਜ਼ਬੂਤ ਹੋਣ ਲਗ ਪਈ। ਲੰਗਰ ਪੰਗਤ ਦੀ ਪ੍ਰਥਾ ਚਲਦੀ ਰਹੀ, ਆਦਿ ਗ੍ਰੰਥ ਸਾਹਿਬ ਦਾ ਸਤਿਕਾਰ ਹੋਣ ਲਗ ਪਿਆ, ਹਰਿਮੰਦਰ ਸਾਹਿਬ ਵਿੱਚ ਰੌਣਕਾਂ ਤੇ ਛਹਿਬਰਾਂ ਲਗ ਗਈਆਂ। ਦੂਰ ਨੇੜੇ ਤੋਂ ਸੰਗਤਾਂ ਆਉਂਦੀਆਂ, ਗੁਰੂ ਜਸ ਗਾਉਂਦੀਆਂ, ਹਉਮੈ ਤੇ ਚਤੁਰਾਈ ਨੂੰ ਤਿਆਗਣ ਅਤੇ ਨਿਮਰਤਾ ਗ੍ਰਹਿਣ ਕਰਨ ਦਾ ਉਪਦੇਸ਼ ਲੈਂਦੀਆਂ ਤੇ ਸਤਿਗੁਰ ਫਰਮਾਉਂਦੇ:
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ॥ ਅੰਗ-396
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ਦੀ ਵਿਆਖਿਆ ਵਿੱਚ ਮਨੁੱਖ ਮਾਤਰ ਨੂੰ ਇਕ ਅਕਾਲਪੁਰਖ ਨਾਲ ਜੋੜਨ ਦੇ ਨਿਰੰਤਰ ਪ੍ਰਯਤਨ ਚਲਦੇ ਰਹੇ ਤੇ ਇਸ ਗੱਲ ਤੇ ਗੁਰੂ ਸਾਹਿਬ ਜ਼ੋਰ ਦੇਂਦੇ ਸਨ ਕਿ ਚੁੰਜ ਗਿਆਨ ਤੇ ਚਤੁਰਾਈਆਂ ਨਾਲ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ ਇਸ ਲਈ ਸ਼ਰਧਾ, ਸਤਿਕਾਰ, ਹਲੀਮੀ, ਸੇਵਾ, ਸਿਮਰਨ ਤੇ ਸਦਾਚਾਰਕਤਾ ਵਰਗੇ ਗੁਣਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਜਿਹੜਾ ਅਜਿਹੇ ਗੁਣ ਧਾਰਨ ਕਰਦਾ ਹੈ, ਸਤਿਗੁਰ ਉਸਨੂੰ ਜ਼ਰੂਰ ਬਹੁੜਦਾ ਹੈ ਤੇ ਕਾਇਆ ਕਲਪ ਕਰ ਦੇਂਦਾ ਹੈ। ਉਨ੍ਹਾਂ ਦਾ ਫਰਮਾਨ ਹੈ ਕਿ ‘ਸਤਿਗੁਰੁ ਮੇਰਾ ਸਭਸ ਕਾ ਦਾਤਾ ਸਤਿਗੁਰੁ ਮੇਰਾ ਪੁਰਖੁ ਬਿਧਾਤਾ’ ਹੈ।
ਗੁਰੂ ਸਾਹਿਬ ਦੇ ਉਕਤ ਦੱਸੇ ਅਦੁੱਤੀ ਕਾਰਨਾਮਿਆਂ ਦਾ ਬੜਾ ਗਹਿਰਾ ਪ੍ਰਭਾਵ ਸਿੱਖ ਸੰਗਤਾਂ ਤੇ ਵੀ ਅਤੇ ਕੱਟੜ ਪੰਥੀ ਮੁਸਲਮਾਨ ਉਲਮਾਵਾਂ ਅਤੇ ਕਾਜ਼ੀਆਂ ਉੱਤੇ ਵੀ ਪਿਆ। ਕੱਟੜਪੰਥੀ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਬਰਾਬਰੀ ਦੇ ਅਧਾਰ ਤੇ ਸਭ ਨੂੰ ਇੱਕੋ ਦਰਜਾ ਦੇਣ ਵਾਲਾ ਕੋਈ ਐਸਾ ਧਰਮ ਜਾਂ ਜੀਵਨ-ਜਾਚ ਪ੍ਰਫੁੱਲਤ ਹੋ ਜਾਵੇ ਜਿਸ ਨਾਲ ਉਨ੍ਹਾਂ ਨੂੰ ਆਪਣੀ ਹਸਤੀ ਦੀ ਵਡਿੱਤਣ ਵੀ ਖ਼ਤਰੇ ਵਿੱਚ ਦਿੱਸਣ ਲਗ ਪਵੇ। ਜਦ ਤਕ ਤਾਂ ਦੂਰ ਦਰਿਸ਼ਟੀ ਵਾਲਾ ਮੁਗ਼ਲ ਬਾਦਸ਼ਾਹ ਅਕਬਰ ਜੀਂਦਾ ਰਿਹਾ ਤਦ ਤਕ ਤਾਂ ਇਨ੍ਹਾਂ ਕੱਟੜ ਪੰਥੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕੇ ਪਰ 1605 ਈ. ਵਿੱਚ ਉਸਦੇ ਮਰ ਜਾਣ ਤੇ ਉਸਦਾ ਪੁੱਤਰ ਜਹਾਂਗੀਰ ਜਦ ਮੁਗ਼ਲ ਸਮਰਾਟ ਦੇ ਰੂਪ ਵਿੱਚ ਤਖ਼ਤ ਤੇ ਬੈਠਾ ਤਾਂ ਇਨ੍ਹਾਂ ਸਰਹੰਦ ਦੇ ਉਲਮਾਵਾਂ, ਨਕਸ਼ਬੰਦੀਆਂ ਤੇ ਮੌਲਾਣਿਆਂ ਨੇ ਉਸਦੇ ਕੰਨ ਗੁਰੂ ਸਾਹਿਬ ਅਤੇ ਸਿੱਖ ਧਰਮ ਦੀ ਚੜ੍ਹਤ ਵਿਰੁੱਧ ਭਰੇ ਤੇ ਕਾਮਯਾਬ ਹੋਏ। ਜਹਾਂਗੀਰ ਨੇ ਆਪਣੇ ਰੋਜ਼ਨਾਮਚੇ ‘ਤੌਜ਼ਕੇ ਜਹਾਂਗੀਰੀ’ ਵਿੱਚ ਲਿਖਿਆ ਵੀ ਹੈ ਕਿ ਉਹ ਗੁਰੂ ਅਰਜਨ ਵਲੋਂ ਚਲਾਈ ਜਾ ਰਹੀ ‘ਦੁਕਾਨਿ ਬਾਤਲ’ ਭਾਵ ‘ਝੂਠ ਦੀ ਦੁਕਾਨ’ ਤੋਂ ਬੇਹੱਦ ਦੁਖੀ ਸੀ ਤੇ ਇਸਨੂੰ ਮੌਕਾ ਮਿਲਦੇ ਸਾਰ ਬੰਦ ਕਰਨਾ ਚਾਹੁੰਦਾ ਸੀ। ਤਖ਼ਤ ਤੇ ਬੈਠ ਕੇ ਉਸਦੇ ਹੱਥ ਵਿੱਚ ਤਾਕਤ ਆ ਗਈ। ਇਸ ਲਈ ਉਸਨੇ ਰਾਜ ਧਰੋਹ ਦੇ ਬੇਹੂਦਾ ਇਲਜ਼ਾਮ ਵਿੱਚ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਅਤੇ ਯਾਸਾ ਅਨੁਸਾਰ ਤਸੀਹੇ ਦੇ ਕੇ ਲਾਹੌਰ ਵਿਖੇ ਰਾਵੀ ਦਰਿਆ ਦੇ ਕੰਢੇ ਤੇ ਤੱਤੀਆਂ ਤਵੀਆਂ ਤੇ ਬਿਠਾ ਕੇ ਤੇ ਸਿਰ ਵਿੱਚ ਗਰਮ ਰੇਤ ਪਵਾ ਕੇ 30 ਮਈ 1606 ਈ. ਨੂੰ ਸ਼ਹੀਦ ਕਰਵਾ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਸੱਚ ਦੀ ਖਾਤਰ ਅਤੇ ਆਪਣੇ ਅਕੀਦੇ ਅਨੁਸਾਰ ਵਾਹਿਗੁਰੂ ਦੀ ਅਰਾਧਨਾ ਕਰਨ ਦੇ ਹੱਕ ਦੀ ਸਲਾਮਤੀ ਲਈ ਆਪਣਾ ਬਲੀਦਾਨ ਦੇ ਕੇ ਆਪਣੇ ਗੁਰੂ ਪਿਤਾ ਜੀ ਦੇ ਉਚਰੇ ਨਿਮਨ ਸ਼ਬਦ ਨੂੰ ਸੱਚਾ ਕਰ ਗਏ:
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥ ਅੰਗ-757
ਅਤੇ ਇਸ ਤਰ੍ਹਾਂ ਉਨ੍ਹਾਂ ਨੇ ‘ਤੇਰਾ ਕੀਆ ਮੀਠਾ ਲਾਗੈ’ ਦੀ ਭਾਵਨਾ ਵਿੱਚ ਇਹ ਲਾਮਿਸਾਲ ਕੁਰਬਾਨੀ ਕਰਕੇ ਕੌਮ ਦੇ ਪ੍ਰਥਮ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੀ ਇਸ ਅਜ਼ੀਮ ਸ਼ਹਾਦਤ ਨਾਲ ਕੌਮੀ ਸੰਗਠਨ ਮਜ਼ਬੂਤ ਹੋਇਆ ਜਿਸਨੇ ਹੋਰ ਸ਼ਕਤੀ ਗ੍ਰਹਿਣ ਕੀਤੀ ਤੇ ਸਿੱਖ ‘ਅਹਿਲੇ ਸ਼ਹਾਦਤ’ ਵੀ ਬਣ ਗਏ। ਗੁਰੂ ਸਾਹਿਬ ਦੀ ਇਸ ਸ਼ਹਾਦਤ ਸਦਕਾ ਕੌਮ ਦੀ ਸੁਚਾਰੂ ਨੀਤੀ ਵਿੱਚ ਪਰਿਵਰਤਨ ਆਇਆ। ਸਿੱਖਾਂ ਨੂੰ ਹੱਕ ਇਨਸਾਫ਼ ਅਤੇ ਆਪਣੀ ਧਾਰਮਿਕ ਰਹੁ-ਰੀਤੀ ਅਨੁਸਾਰ ਜੀਣ ਦੀ ਜਾਚ ਕਾਇਮ ਰੱਖਣ ਦੀ ਲੋੜ ਪਈ ਅਤੇ ਗੁਰੂ ਅਰਜਨ ਦੇਵ ਜੀ ਦੀ ਅਧਿਆਤਮਿਕ ਗੱਦੀ ਤੇ 1.6.1606 ਨੂੰ ਬਿਰਾਜਮਾਨ ਹੁੰਦਿਆਂ ਹੀ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਮੁਗ਼ਲ ਰਾਜ ਦੇ ਅੱਤਿਆਚਾਰਾਂ ਵਿਰੁੱਧ ਡੱਟਣ ਦਾ ਫੈਸਲਾ ਕੀਤਾ ਤੇ ਇਸ ਤਰ੍ਹਾਂ ਸਿੱਖੀ ਜੀਵਨ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਸੰਚਾਰ ਹੋਣਾ ਸ਼ੁਰੂ ਹੋਇਆ ਜਿਸਦੀ ਸਿਖਰ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰਬੰਸ ਵਾਰਨ ਨਾਲ ਪ੍ਰਾਪਤ ਹੋਈ।
ਗੁਰ ਜੇਵਡੁ ਦਾਤਾ ਕੋ ਨਹੀ, ਜਿਨਿ ਦਿਤਾ ਆਤਮ ਦਾਨੁ॥ ਅੰਗ-52